Guru Arjan Dev Ji, in Raag Basant:
ਬਸੰਤੁ ਮਹਲਾ ੫ ॥ ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥ ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥ ਮੰਗਲੁ ਤਿਸ ਕੈ ਜਿਸੁ ਏਕੁ ਕਾਮੁ ॥ ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮੁ ॥੧॥
Basanṯ mėhlā 5. Ŧis basanṯ jis parabẖ kirpāl. Ŧis basanṯ jis gur ḏa▫i▫āl. Mangal ṯis kai jis ek kām. Ŧis saḏ basanṯ jis riḏai nām. ||1||
Basant, Fifth Mehl: He alone experiences this springtime of the soul, unto whom God grants His Grace. He alone experiences this springtime of the soul, unto whom the Guru is merciful. He alone is joyful, who works for the One Lord. He alone experiences this eternal springtime of the soul, within whose heart the Naam, the Name of the Lord, abides. ||1||
ਬਸੰਤੁ = ਖਿੜਾਉ। ਮੰਗਲੁ = ਆਨੰਦ, ਖ਼ੁਸ਼ੀ। ਤਿਸ ਕੈ = ਉਸ (ਮਨੁੱਖ) ਦੇ ਹਿਰਦੇ ਵਿਚ {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਕਾਮੁ = ਕੰਮ। ਸਦ = ਸਦਾ। ਰਿਦੈ = ਹਿਰਦੇ ਵਿਚ।੧।
ਹੇ ਭਾਈ! ਆਤਮਕ ਖਿੜਾਉ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਜਿਸ ਉਤੇ ਗੁਰੂ ਦਇਆਵਾਨ ਹੁੰਦਾ ਹੈ। ਹੇ ਭਾਈ! ਉਸ ਮਨੁੱਖ ਦੇ ਹਿਰਦੇ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਿਸ ਨੂੰ ਇਕ ਹਰਿ-ਨਾਮ ਸਿਮਰਨ ਦਾ ਸਦਾ ਆਹਰ ਰਹਿੰਦਾ ਹੈ। ਉਸ ਮਨੁੱਖ ਨੂੰ ਖਿੜਾਉ ਸਦਾ ਹੀ ਮਿਲਿਆ ਰਹਿੰਦਾ ਹੈ ਜਿਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ।੧।
ਗ੍ਰਿਹਿ ਤਾ ਕੇ ਬਸੰਤੁ ਗਨੀ ॥ ਜਾ ਕੈ ਕੀਰਤਨੁ ਹਰਿ ਧੁਨੀ ॥੧॥ ਰਹਾਉ ॥
Garihi ṯā ke basanṯ ganī. Jā kai kīrṯan har ḏẖunī. ||1|| rahā▫o.
This spring comes only to those homes, in which the melody of the Kirtan of the Lord's Praises resounds. ||1||Pause||
ਗ੍ਰਿਹਿ ਤਾ ਕੇ = ਉਸ ਮਨੁੱਖ ਦੇ ਹਿਰਦੇ ਵਿਚ। ਗਨੀ = ਗਨੀਂ, ਮੈਂ ਗਿਣਦਾ ਹਾਂ, ਮੈਂ ਸਮਝਦਾ ਹਾਂ। ਜਾ ਕੈ = ਜਿਸ ਦੇ ਹਿਰਦੇ ਵਿਚ। ਕੀਰਤਨੁ = ਸਿਫ਼ਤਿ-ਸਾਲਾਹ। ਧੁਨੀ = ਧੁਨਿ, ਲਗਨ, ਪਿਆਰ।੧।ਰਹਾਉ।
ਹੇ ਭਾਈ! ਮੈਂ ਤਾਂ ਉਸ ਮਨੁੱਖ ਦੇ ਹਿਰਦੇ ਵਿਚ ਖਿੜਾਉ (ਪੈਦਾ ਹੋਇਆ) ਸਮਝਦਾ ਹਾਂ, ਜਿਸ ਦੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਟਿਕੀ ਹੋਈ ਹੈ, ਜਿਸ ਦੇ ਹਿਰਦੇ ਵਿਚ ਪਰਮਾਤਮਾ (ਦੇ ਨਾਮ) ਦੀ ਲਗਨ ਹੈ।੧।ਰਹਾਉ।
ਪ੍ਰੀਤਿ ਪਾਰਬ੍ਰਹਮ ਮਉਲਿ ਮਨਾ ॥ ਗਿਆਨੁ ਕਮਾਈਐ ਪੂਛਿ ਜਨਾਂ ॥ ਸੋ ਤਪਸੀ ਜਿਸੁ ਸਾਧਸੰਗੁ ॥ ਸਦ ਧਿਆਨੀ ਜਿਸੁ ਗੁਰਹਿ ਰੰਗੁ ॥੨॥
Parīṯ pārbarahm ma▫ul manā. Gi▫ān kamā▫ī▫ai pūcẖẖ janāʼn. So ṯapsī jis sāḏẖsang. Saḏ ḏẖi▫ānī jis gurėh rang. ||2||
O mortal, let your love for the Supreme Lord God blossom forth. Practice spiritual wisdom, and consult the humble servants of the Lord. He alone is an ascetic, who joins the Saadh Sangat, the Company of the Holy. He alone dwells in deep, continual meditation, who loves his Guru. ||2||
ਮਉਲਿ = ਖਿੜਿਆ ਰਹੁ। ਮਨਾ = ਹੇ ਮਨ! ਗਿਆਨੁ = ਆਤਮਕ ਜੀਵਨ ਦੀ ਸੂਝ। ਪੂਛਿ ਜਨਾਂ = ਸੰਤ ਜਨਾਂ ਤੋਂ ਪੁੱਛ ਕੇ। ਸਾਧ ਸੰਗੁ = ਗੁਰੂ ਦਾ ਸੰਗ। ਧਿਆਨੀ = ਜੁੜੇ ਮਨ ਵਾਲਾ। ਗੁਰਹਿ ਰੰਗੁ = ਗੁਰੂ ਦਾ ਪਿਆਰ।੨।
ਹੇ ਮੇਰੇ ਮਨ! ਪਰਮਾਤਮਾ (ਦੇ ਚਰਨਾਂ) ਨਾਲ ਪ੍ਰੀਤ ਪਾ ਕੇ ਸਦਾ ਖਿੜਿਆ ਰਹੁ। ਹੇ ਮਨ! ਸੰਤ ਜਨਾਂ ਨੂੰ ਪੁੱਛ ਕੇ ਆਤਮਕ ਜੀਵਨ ਦੀ ਸੂਝ ਹਾਸਲ ਕਰੀਦੀ ਹੈ। ਹੇ ਭਾਈ! (ਅਸਲ) ਤਪਸ੍ਵੀ ਉਹ ਮਨੁੱਖ ਹੈ ਜਿਸ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਹ ਮਨੁੱਖ ਸਦਾ ਜੁੜੀ ਸੁਰਤਿ ਵਾਲਾ ਜਾਣੋ, ਜਿਸ ਦੇ ਅੰਦਰ ਗੁਰ (-ਚਰਨਾਂ) ਦਾ ਪਿਆਰ ਹੈ।੨।
ਸੇ ਨਿਰਭਉ ਜਿਨ੍ਹ੍ਹ ਭਉ ਪਇਆ ॥ ਸੋ ਸੁਖੀਆ ਜਿਸੁ ਭ੍ਰਮੁ ਗਇਆ ॥ ਸੋ ਇਕਾਂਤੀ ਜਿਸੁ ਰਿਦਾ ਥਾਇ ॥ ਸੋਈ ਨਿਹਚਲੁ ਸਾਚ ਠਾਇ ॥੩॥
Se nirbẖa▫o jinĥ bẖa▫o pa▫i▫ā. So sukẖī▫ā jis bẖaram ga▫i▫ā. So ikāʼnṯī jis riḏā thā▫e. So▫ī nihcẖal sācẖ ṯẖā▫e. ||3||
He alone is fearless, who has the Fear of God. He alone is peaceful, whose doubts are dispelled. He alone is a hermit, who heart is steady and stable. He alone is steady and unmoving, who has found the true place. ||3||
ਸੇ = ਉਹ ਮਨੁੱਖ {ਬਹੁ-ਵਚਨ}। ਭਉ = (ਪਰਮਾਤਮਾ ਦਾ) ਡਰ। ਸੋ = ਉਹ ਮਨੁੱਖ {ਇਕ-ਵਚਨ}। ਭ੍ਰਮੁ = ਭਟਕਣਾ। ਇਕਾਂਤੀ = ਇਕਾਂਤ ਥਾਂ ਵਿਚ ਰਹਿਣ ਵਾਲਾ। ਰਿਦਾ = ਹਿਰਦਾ। ਥਾਇ = ਇਕ ਥਾਂ ਤੇ, ਸ਼ਾਂਤ। ਨਿਹਚਲੁ = ਅਡੋਲ-ਚਿੱਤ। ਸਾਚ ਠਾਇ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਚਰਨਾਂ ਵਿਚ। ਠਾਇ = ਥਾਂ ਵਿਚ।੩।
ਹੇ ਭਾਈ! ਉਹ ਬੰਦੇ (ਦੁਨੀਆ ਦੇ) ਡਰਾਂ ਤੋਂ ਉਤਾਂਹ ਹਨ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਵੱਸਦਾ ਹੈ। ਉਹ ਮਨੁੱਖ ਸੁਖੀ ਜੀਵਨ ਵਾਲਾ ਹੈ ਜਿਸ (ਦੇ ਮਨ) ਦੀ ਭਟਕਣਾ ਦੂਰ ਹੋ ਗਈ। ਸਿਰਫ਼ ਉਹ ਮਨੁੱਖ ਇਕਾਂਤ ਥਾਂ ਵਿਚ ਰਹਿੰਦਾ ਹੈ ਜਿਸ ਦਾ ਹਿਰਦਾ ਸ਼ਾਂਤ ਹੈ (ਇਕ ਥਾਂ ਟਿਕਿਆ ਹੋਇਆ ਹੈ)। ਉਹੀ ਮਨੁੱਖ ਅਡੋਲ ਚਿੱਤ ਵਾਲਾ ਹੈ, ਜਿਹੜਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ੩।
ਏਕਾ ਖੋਜੈ ਏਕ ਪ੍ਰੀਤਿ ॥ ਦਰਸਨ ਪਰਸਨ ਹੀਤ ਚੀਤਿ ॥ ਹਰਿ ਰੰਗ ਰੰਗਾ ਸਹਜਿ ਮਾਣੁ ॥ ਨਾਨਕ ਦਾਸ ਤਿਸੁ ਜਨ ਕੁਰਬਾਣੁ ॥੪॥੩॥
Ėkā kẖojai ek parīṯ. Ḏarsan parsan hīṯ cẖīṯ. Har rang rangā sahj māṇ. Nānak ḏās ṯis jan kurbāṇ. ||4||3||
He seeks the One Lord, and loves the One Lord. He loves to gaze upon the Blessed Vision of the Lord's Darshan. He intuitively enjoys the Love of the Lord. Slave Nanak is a sacrifice to that humble being. ||4||3||
ਖੋਜੈ = ਭਾਲਦਾ ਹੈ। ਪਰਸਨ = ਛੁਹ। ਹੀਤ = ਹਿਤ, ਤਾਂਘ, ਪਿਆਰ। ਚੀਤਿ = ਚਿੱਤ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਕੁਰਬਾਣੁ = ਸਦਕੇ।੪।
ਹੇ ਦਾਸ ਨਾਨਕ! (ਆਖ-ਹੇ ਭਾਈ!) ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ, ਜਿਹੜਾ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਭਾਲਦਾ ਹੈ, ਜਿਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ ਹੈ, ਜਿਸ ਦੇ ਚਿੱਤ ਵਿਚ ਇਕ ਪ੍ਰਭੂ ਦੇ ਦਰਸਨ ਦੀ ਛੁਹ ਦੀ ਤਾਂਘ ਹੈ, ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਸਭ ਰਸਾਂ ਤੋਂ ਸ੍ਰੇਸ਼ਟ ਹਰਿ-ਨਾਮ-ਰਸ ਮਾਣਦਾ ਹੈ।੪।੩।
Ang Sahib. 1180