ਗੁਰਬਾਣੀ ਦੀਆਂ ਤੁਕਾਂ ਸਰੀਰ 'ਤੇ ਉਕਰਾਉਣ 'ਤੇ ਸਖ਼ਤ ਕਾਰਵਾਈ ਹੋਵੇਗੀ-ਸਿੰਘ ਸਾਹਿਬ
ਅੰਮ੍ਰਿਤਸਰ, 13 ਜੂਨ (ਬਹੋੜੂ)-ਗੁਰਬਾਣੀ ਦੀਆਂ ਤੁਕਾਂ ਸਰੀਰ 'ਤੇ ਉਕਰਾਉਣ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸ਼ਿਕਾਇਤਾਂ ਪੁੱਜੀਆਂ ਹਨ। ਇਸ ਸਬੰਧੀ ਪੰਜਾਬੀ ਫਿਲਮਾਂ ਦੀ ਅਦਾਕਾਰਾ ਨੀਰੂ ਬਾਜਵਾ ਦੀ ਬਾਂਹ 'ਤੇ ਪਾਵਨ ਗੁਰਬਾਣੀ ਦੀ ਤੁਕ ਅਤੇ ਸ੍ਰੀ ਸਾਹਿਬ ਉਕਰਾਉਣ ਬਾਰੇ ਸ਼ਿਕਾਇਤ ਵੀ ਮਿਲੀ ਹੈ। ਜੋ ਨੀਰੂ ਬਾਜਵਾ ਦੀ ਫੇਸਬੁੱਕ 'ਤੇ ਵੀ ਪਾਈ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਬਿਆਨ ਮੁਤਾਬਿਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਫਿਲਮੀ ਅਦਾਕਾਰਾ ਮੰਦਿਰਾ ਬੇਦੀ ਅਤੇ ਹੋਰ ਕਈ ਵਿਅਕਤੀਆਂ ਅਤੇ ਫਿਲਮੀ ਸਿਤਾਰਿਆਂ ਬਾਰੇ ਅਜਿਹੀਆਂ ਸ਼ਿਕਾਇਤਾਂ ਪੁੱਜੀਆਂ ਸਨ। ਜਥੇ: ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਪਾਵਨ ਗੁਰਬਾਣੀ ਦੀਆਂ ਤੁਕਾਂ ਆਪਣੇ ਸਰੀਰ 'ਤੇ ਉਕਰਾਉਣ ਨਾਲ ਗੁਰਬਾਣੀ ਦੀ ਬੇਅਦਬੀ ਹੁੰਦੀ ਹੈ। ਉਨ੍ਹਾਂ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਕਿ ਉਹ ਵਿਅਕਤੀ ਜੋ ਥੋੜੀ ਜਿਹੀ ਪ੍ਰਸਿੱਧੀ ਲੈਣ ਕਾਰਨ ਆਪਣੇ ਸਰੀਰ ਦੇ ਕਿਸੇ ਹਿੱਸੇ 'ਤੇ ਗੁਰਬਾਣੀ ਦੀਆਂ ਤੁਕਾਂ ਜਾਂ ਧਾਰਮਿਕ ਚਿੰਨ੍ਹ ਉਕਰਾਉਂਦੇ ਹਨ ਉਹ ਬਾਜ ਆਉਣ ਨਹੀਂ ਤਾਂ ਉਨ੍ਹਾਂ ਖਿਲਾਫ਼ ਗੁਰ ਮਰਯਾਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਇਸ ਬਾਰੇ ਮਿਤੀ 17 ਜੂਨ ਨੂੰ ਪੰਜ ਸਿੰਘ ਸਾਹਿਬਾਨ ਦੀ ਹੋ ਰਹੀ ਅਗਲੇਰੀ ਇਕੱਤਰਤਾ ਵਿਚ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
http://beta.ajitjalandhar.com/news/20130614/1/185666.cms#185666