Jump to content

Poori Hoyee Karaamaat Aap Sirjanhaare Taareyaa


Panthic Updates
 Share

Recommended Posts

ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ ਧਾਰਿਆ।।

ਸ੍ਰ. ਗੁਰਚਰਨਜੀਤ ਸਿੰਘ ਲਾਂਬਾ (ਐਡੀਟਰ, ਸੰਤ ਸਿਪਾਹੀ)

ਗੁਰੂ ਨਾਨਕ ਆਮਦ ਨਰਾਇਨ ਸਰੂਪ॥

ਹਮਾਨਾ ਨਿਰੰਜਨ ਨਿਰੰਕਾਰ ਰੂਪ॥੧॥

(ਗੁਰੂ ਨਾਨਕ ਨਾਰਾਇਣ ਦਾ ਸਰੂਪ ਹੈ ,

ਨਿਰਸੰਦੇਹ ਉਹ ਨਿਰੰਕਾਰ ਅਤੇ ਨਿਰੰਜਨ ਦਾ ਰੂਪ ਹੈ)

ਸਤਿ ਸ੍ਰੀ ਅਕਾਲ - ਗੁਰਬਰ ਅਕਾਲ । ਇਸ ਛੋਟੋ ਜਹੇ ਵਾਕ ਜਾਂ ਸੰਬਾਦ ਵਿਚ ਸਿਖ ਦੀ ਗੁਰੂ ਪ੍ਰਤੀ ਸੋਚ ਵਿਦਮਾਨ ਹੈ। ਪੁਰਾਤਨ ਸਿੰਘ ਜਦੋਂ ਵੀ ਕਿਸੇ ਸਿੰਘ ਨੂੰ ਸਤਿ ਸ੍ਰੀ ਅਕਾਲ ਦੇ ਜੈਕਾਰ ਨਾਲ ਅਭਿਵਾਦਨ ਕਰਦੇ ਸੀ ਤਾਂ ਸਾਹਮਣੇ ਵਾਲਾ ਉਸ ਦਾ ਜਵਾਬ ਗੁਰਬਰ ਅਕਾਲ ਵਿਚ ਦਿੰਦਾ ਸੀ। ਗੁਰਬਰ ਅਕਾਲ ਦਾ ਸਿੱਧਾ ਅੱਖਰੀ ਅਰਥ ਹੈ, ਗੁਰੂ ਹੈ ਬਰਾਬਰ ਅਕਾਲ ਦੇ, ਵਾਹਿਗੁਰੂ ਦੇ। ਮੌਜੂਦਾ ਪੀੜੀ ਅਤੇ ਸਾਡੇ ਬਜ਼ੁਰਗਾਂ ਵਿਚ ਇਹੀ ਫ਼ਰਕ ਸੀ ਕਿ ਉਹ ਗੁਰੂ ਅਤੇ ਵਾਹਿਗੁਰੂ ਵਿਚ ਅੰਤਰ ਨਹੀਂ ਸੀ ਮੰਨਦੇ। ਵਾਹਿਗੁਰੂ ਅਤੇ ਗੁਰੂ ਨੂੰ ਇਕ ਕਰਕੇ ਜਾਣਦੇ ਸਨ। ਗੁਰੂ ਕੋਲੋਂ ਹੀ ਉਹ ਸਭ ਕੁਝ ਮੰਗਦੇ ਸਨ ਤੇ ਪ੍ਰਾਪਤ ਵੀ ਕਰਦੇ ਸਨ। ਅਕਾਲ ਪੁਰਖ ਅਤੇ ਗੁਰੂ, ਗੁਰ ਪਰਮੇਸ਼ਰ ਦੀ ਸ਼ਕਤੀ ਨੂੰ ਵੀ ਇਨਸਾਨੀ ਪੈਮਾਨਿਆਂ ਤੇ ਮਿਣਿਆ ਨਹੀਂ ਜਾ ਸਕਦਾ।ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ ॥ ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ ॥ (੭੬੩) ਰਹੱਸਵਾਦ ਕਿਸੇ ਵੀ ਧਰਮ ਦਾ, ਅਧਿਆਤਮ ਦਾ ਇਕ ਅਹਿਮ ਅੰਗ ਹੈ। ਇਨਸਾਨ ਆਪਣੀ ਅਕਲ ਨਾਲ ਇਤਨਾਂ ਨਹੀਂ ਸਿਖਦਾ ਜਿਤਨਾ ਕਿ ਆਪਣੀ ਅਕਲ ਛਡ ਕੇ, ਤਿਆਗ ਕੇ ਅਤੇ ਉਪਰੰਤ ਗੁਰੂ ਦੀ ਮਤ ਨੂੰ ਪ੍ਰਵਾਨ ਕਰਕੇ ਉਸ ਤੇ ਚਲਣ ਨਾਲ ਸਿਖ ਸਕਦਾ ਹੈ।

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੀ ਇਕ ਬਹੁਤ ਵੱਡੀ ਕਰਾਮਾਤ ਸੀ। ਅਕਾਲ ਪੁਰਖ ਦੀ ਨਿਜ ਜੋਤਿ ਦਾ ਉਹ ਸਰਗੁਣ ਸਰੂਪ ਸੀ। ਉਹ ਇਨਸਾਨੀ ਜਾਮੇ ਵਿਚ ਜ਼ਰੂਰ ਆਏ ਪਰ ਉਹ ਤਾਂ ਖੁਦ ਹੀ ਨਿਰੰਕਾਰ ਦੀ ਜੋਤਿ ਸੀ। ਨਾਨਕ ਸੋਧੇ ਸਿੰਮ੍ਰਿਤਿ ਬੇਦ ॥ ਪਾਰਬ੍ਰਹਮ ਗੁਰ ਨਾਹੀ ਭੇਦ ॥ (੧੧੪੨) ਉਪਰੰਤ ਉਹਨਾਂ ਦੇ ਸਾਰੇ ਚੋਜ ਜਗਤ ਉਧਾਰਣ ਦੇ ਕਾਰਣ ਮਾਤਰ ਸਨ। ਥਾਂ ਥਾਂ ਤੇ ਉਹਨਾਂ ਦੀ ਅਗੰਮੀ, ਗ਼ੈਬੀ ਅਤੇ ਰੂਹਾਨੀਅਤ ਦੇ ਕਰਿਸ਼ਮੇ, ਸ਼ਕਤੀ ਦੇ ਨਿਸ਼ਾਨ ਅੰਕਤ ਹਨ। ਇਹ ਕਰਿਸ਼ਮੇ ਕਿਸੇ ਨੂੰ ਭੈ-ਭੀਤ ਕਰਣ ਜਾਂ ਪ੍ਰਭਾਵ ਪਾਉਣ ਲਈ ਨਹੀਂ ਸਨ ਬਲਕਿ ਇਹ ਤਾਂ ਸਹਿਜ ਸੁਭਾ ਹੀ ਇਲਾਹੀ ਅਤੇ ਅਗੰਮੀ ਸ਼ਕਤੀ ਦਾ ਪ੍ਰਗਟਾਵਾ ਸੀ।

ਰਾਇ ਬੁਲਾਰ ਦਾ ਸਾਹਮਣਾ ਜਦੋਂ ਬਾਲ ਗੁਰੂ ਨਾਨਕ ਜੀ ਨਾਲ ਹੋਇਆ, ਉਹ ਕੈਸਾ ਅਜਬ ਨਜ਼ਾਰਾ ਹੋਏਗਾ। ਰਾਇ ਬੁਲਾਰ ਇਕ ਰਾਜਾ ਹੈ, ਸ਼ਾਹ ਹੈ। ਗੁਰੂ ਨਾਨਕ ਸਾਹਿਬ ਬਾਲਕ ਅਵਸਥਾ ਵਿਚ ਹਨ। ਕੋਈ ਵੱਡਾ ਮਨੁੱਖ ਜਦੋਂ ਕਿਸੇ ਬੱਚੇ ਤੇ ਬਹੁਤ ਪ੍ਰਸੰਨ ਹੁੰਦਾ ਹੈ ਤਾਂ ਉਸ ਨੂੰ ਸ਼ਾਬਾਸ਼, ਮਠਿਆਈ ਜਾਂ ਖਿਡਾਉਣੇ ਤਾਂ ਦਿੰਦਾ ਹੈ ਪਰ ਕੀ ਕਦੇ ਵੇਖਿਆ ਸੁਣਿਆ ਹੈ ਕਿ ਰਾਇ ਬੁਲਾਰ ਇਕ ਬਾਲਕ ਦੇ ਚਰਨਾਂ ਤੇ ਢਹਿ ਕੇ ਪੁਕਾਰ ਕਰ ਰਿਹਾ ਹੈ ਕਿ ਸਤਿਗੁਰੂ ਮੇਰਾ ਜਨਮ ਮਰਨ ਨਿਵਾਰ ਦੇ। ਇਹ ਦਿਬ ਦ੍ਰਿਸ਼ਟ ਹੈ ਜਿਸ ਨੇ ਗੁਰੂ ਨਾਨਕ ਨੂੰ ਪਛਾਣ ਲਿਆ।

ਸਭੇ ਇਛਾ ਪੂਰੀਆ, ਜਾ ਪਾਇਆ ਅਗਮ ਅਪਾਰਾ ॥

ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ, ਤੇਰਿਆ ਚਰਣਾ ਕਉ ਬਲਿਹਾਰਾ ॥ (੭੪੬)

ਮਲਕ ਭਾਗੋ ਹੋਵੇਂ ਜਾਂ ਫ਼ਿਰ ਰਾਜਾ ਸ਼ਿਵ ਨਾਭ। ਉਹਨਾਂ ਨੂੰ ਦੁਨਿਆਵੀ ਤੌਰ ਤੇ ਕਿਸ ਵਸਤੂ ਦੀ ਕਮੀ ਹੈ ? ਉਹ ਗੁਰੂ ਤੇ ਦਰ ਤੇ ਢਹਿ ਕੇ ਕੀ ਮੰਗ ਰਹੇ ਹਨ? ਉਹਨਾਂ ਨੂੰ ਗੁਰੂ ਨਾਨਕ ਦੇ ਸਰੀਰ ਵਿਚਲੀ ਜੋਤਿ ਦੇ ਦੀਦਾਰ ਹੋ ਚੁਕੇ ਹਨ ਤੇ ਇਸ ਲੋਕ ਦੀ ਨਹੀਂ ਜਨਮ ਜਨਮਾਂਤਰਾਂ ਦੀ ਮੁਕਤੀ ਦੀ ਪੁਕਾਰ ਕਰ ਰਹੇ ਹਨ। ਬਲਿਓ ਚਰਾਗੁ ਅੰਧਾਰ ਮਹਿ, ਸਭ ਕਲਿ ਉਧਰੀ ਇਕ ਨਾਮ ਧਰਮ ॥ ਪ੍ਰਗਟੁ ਸਗਲ ਹਰਿ ਭਵਨ ਮਹਿ, ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥ (੧੩੮੭)

ਹਰ ਸਿੱਖ ਗੁਰੂ ਦੇ ਦਰ ਤੇ ਢਹਿ ਕੇ ਜੋਦੜੀ ਕਰਦਾ ਹੈ ਕਿ ਸਤਿਗੁਰੂ ਮੇਰਾ ਜਨਮ-ਮਰਣ ਨਿਵਾਰ ਦੇ, ਦੂਰ ਕਰ ਦੇ। ਹਰਿ ਗੁਰੁ ਨਾਨਕੁ ਜਿਨ ਪਰਸਿਅਉ, ਸਿ ਜਨਮ ਮਰਣ ਦੁਹ ਥੇ ਰਹਿਓ ॥੫॥ (੧੩੪੬) ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਹਨ ਕਿ ਜਿਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪਰਸ ਲਿਆ, ਧਿਆਉਣ ਵਾਲਿਆਂ ਦਾ ਜਨਮ-ਮਰਣ ਮਿਟ ਗਿਆ। ਕੀ ਦੁਨਿਆਵੀ ਵਿਗਿਆਨ, ਬੁੱਧੀ, ਤਰਕ ਜਾਂ ਦਲੀਲ ਇਹ ਮੰਨਣ ਲਈ ਤਿਆਰ ਹੈ ਕਿ ਕੋਈ ਸ਼ਕਤੀ ਜਾਂ ਵਿਅਕਤੀ ਕਿਸੇ ਜੀਅ ਦਾ ਜਨਮ-ਮਰਣ ਦੂਰ ਕਰ ਸਕਦੀ ਹੈ। ਇਹੀ ਰਹੱਸਵਾਦ ਦਾ ਸਭ ਤੋਂ ਵੱਡਾ ਕਰਿਸ਼ਮਾ ਹੈ। ਵੱਡੇ ਵੱਡੇ ਰਾਜੇ, ਸ਼ਾਹ, ਸੁਲਤਾਨ, ਅਮੀਰ, ਉਮਰਾ, ਇਮਾਮ, ਆਲਮ ਫ਼ਾਜ਼ਲ, ਪੰਡਿਤ, ਜੋਤਕੀ ਜੇਕਰ ਗੁਰੂ ਬਾਬੇ ਦੇ ਚਰਨਾਂ ਤੇ ਸੀਸ ਨਿਵਾਂਦੇ ਸਨ ਤਾਂ ਉਹ ਕਿਹੜੀ ਅਲੋਕਿਕ ਦ੍ਰਿਸ਼ਟੀ ਜਾਂ ਨਜ਼ਰ ਸੀ ਜੋ ਉਹਨਾਂ ਉਤੇ ਬਖਸ਼ਿਸ਼ ਹੋਈ?

ਕਰਾਮਾਤ ਉਹ ਅਲੌਕਿਕ ਅਤੇ ਵਚਿਤ੍ਰ ਘਟਨਾਵਾਂ ਹਨ ਜਿਹਨਾਂ ਨੂੰ ਇਹਨਾਂ ਗਿਆਨ ਇੰਦ੍ਰਿਆਂ ਨਾਲ ਨਹੀਂ ਪਕੜਿਆ ਜਾ ਸਕਦਾ। ਅਕਾਲ ਪੁਰਖ ਵਲੋਂ ਜੇਕਰ ਖਲਾਅ, ਅ-ਵਸਤੂ, ਖ-ਪੁਸ਼ਪ, ਅਦ੍ਰਿਸ਼, ਅਗੁਹ ਜਾਂ nothingness ਵਿਚੋਂ ਇਸ ਬ੍ਰਹਮਾਂਡ, ਸੰਸਾਰ, ਸਮੁੰਦਰ, ਪ੍ਰਬਤਾਂ ਦੀ ਰਚਨਾ ਕੀਤੀ ਜਾ ਸਕਦੀ ਹੈ ਤਾਂ ਉਸ ਤੋਂ ਬਾਅਦ ਦੀਆਂ ਕਰਾਮਾਤਾਂ, ਮੋਅਜਜ਼ੇ ਜਾਂ miracles ਤਾਂ ਨਿਗੂਣੀਆਂ ਹੀ ਕਹੀਆਂ ਜਾ ਸਕਦੀਆਂ ਹਨ।

ਅਕਾਲ ਪੁਰਖ ਦੇ ਦਰ ਤੇ ਕੀਤੀ ਸਾਡੀ ਅਰਦਾਸ ਕਿਸ ਮਾਧਿਅਮ ਰਾਹੀਂ ਅਕਾਲ ਪੁਰਖ ਤਕ ਪਹੁੰਚਦੀ ਹੈ। ਸਾਇਂਸ ਜਾ ਵਿਗਿਆਨ ਪਾਸ ਇਸਦਾ ਕੋਈ ਜਵਾਬ ਨਹੀਂ। ਦਰਅਸਲ ਵਿਗਿਆਨ, ਦਲੀਲ ਜਾਂ ਹੁੱਜਤ ਦਾ ਸਫ਼ਰ ਜਿੱਥੇ ਮੁਕਦਾ ਹੈ ਅਧਿਆਤਮਵਾਦ ਜਾਂ ਗੁਰਮਤਿ ਦਾ ਪੰਧ ਉਸ ਮੁਕਾਮ ਤੋਂ ਹੀ ਅਰੰਭ ਹੁੰਦਾ ਹੈ। ਗੁਰੂ ਘਰ ਵਿਚ ਮੌਅਜਜ਼ੇ ਜਾਂ ਕਰਾਮਾਤ ਹੈ ਜਾਂ ਨਹੀਂ ਬਾਰੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਵਿਚੋਂ ਕਮਾਲ ਦੀ ਗਵਾਹੀ ਪ੍ਰਗਟ ਹੁੰਦੀ ਹੈ। ਕਰਾਮਾਤ ਮੰਗੀ ਨਹੀਂ ਜਾਂਦੀ ਤੇ ਨਾ ਹੀ ਮੰਗਣ ਤੇ ਮਿਲਦੀ ਹੈ। ਇਹ ਤਾਂ ਆਪਾ ਮਾਰਨ ਵਾਲੇ ਤੇ ਨਾਜ਼ਲ ਹੁੰਦੀ ਹੈ, ਉਸ ਤੇ ਪ੍ਰਗਟ ਹੁੰਦੀ ਹੈ।

ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਕਾਫ਼ੀ ਵੱਡੀ ਗਿਣਤੀ ਵਿਚ ਸਮਕਾਲੀਨ ਫਾਰਸੀ ਦੇ ਦਸਤਾਵੇਜ਼ ਉਪਲਬਧ ਹਨ। ਇਹ ਦਸਤਾਵੇਜ਼ ਗੁਰੂ ਨਾਨਕ ਦੇਵ ਯੂਨਿਵਰਸਿਟੀ, ਸ੍ਰੀ ਅੰਮ੍ਰਿਤਸਰ ਨੇ Persian Chronicles ਦੇ ਸਿਰਲੇਖ ਹੇਠ ਛਾਪੇ ਹਨ। ਇਹਨਾਂ ਵਿਚ ਵੈਸੇ ਤਾਂ ਕੁਝ ਉਣਤਾਈਆਂ ਨਜ਼ਰ ਆਉਂਦੀਆਂ ਹਨ ਪਰ ਇਕ ਤੱਥ ਬਹੁਤ ਹੀ ਕਮਾਲ ਦਾ ਹੈ ਜੋ ਕਿ ਇਹਨਾਂ ਸਾਰਿਆਂ ਵਿਚ ਯਕਸਾਂ, ਇਕ ਸਾਰ ਪ੍ਰਗਟ ਹੁੰਦਾ ਹੈ। ਉਹ ਇਹ ਹੈ ਕਿ ਗੁਰੂ ਤੇਗ ਬਹਾਦੁਰ ਜੀ ਦੇ ਅਗੇ ਇਕ ਸ਼ਰਤ ਰੱਖੀ ਗਈ ਕਿ ਤੁਸੀਂ ਮੌਅਜਜ਼ਾ ਜਾਂ ਕਰਾਮਾਤ ਵਿਖਲਾਓ। ਹਜ਼ੂਰ ਨੇ ਜੋ ਕਹਿ ਕੇ ਇਸ ਸ਼ਰਤ ਨੂੰ ਬੜੀ ਹੀ ਸਖਤੀ ਨਾਲ ਰੱਦ ਕਰ ਦਿੱਤਾ ਉਸ ਨੂੰ ਕਲਗੀਧਰ ਪਿਤਾ ਨੇ ਆਪਣੀ ਕਲਮ ਨਾਲ ਅੰਕਤ ਕੀਤਾ ਕਿ, ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹ ਆਵਤ ਲਾਜਾ ॥ ੧੪॥ (ਸ੍ਰੀ ਦਸਮ ਗ੍ਰੰਥ)

ਦਰ-ਅਸਲ ਧਾਰਮਿਕ ਖੇਤਰ ਵਿਚ ਕਰਿਸ਼ਮਾ, ਮੌਅਜਜ਼ਾ ਜਾਂ ਕਰਾਮਾਤ ਦਾ ਸੂਖਮ ਵਖਰੇਵਾਂ ਸਪਸ਼ਟ ਤੌਰ ਤੇ ਮਿਲਦਾ ਹੈ। (੧) ਮੁਅਜਿਜ਼ਾ - ਇਹ ਪੈਗੰਬਰਾਂ ਰਾਹੀਂ ਪ੍ਰਗਟ ਹੁੰਦਾ ਹੈ। (੨) ਕਰਾਮਾਤ - ਇਹ ਵਲੀ ਅਲਾ ਜਾਂ ਰੱਬ ਨੂੰ ਪਹੁੰਚੀਆਂ ਹੋਈਆਂ ਰੂਹਾਂ ਰਾਹੀਂ ਪ੍ਰਗਟ ਹੁੰਦੀ ਹੈ। (੩) ਮਊਨਤ - ਇਹ ਦੀਵਾਨਿਆਂ ਦੁਆਰਾ ਜ਼ਾਹਿਰ ਹੁੰਦੀ ਹੈ। ਅਤੇ (੪) ਇਸਤਦਰਾਜ - ਜੋ ਰੱਬ ਤੋਂ ਮੁਨਕਰ ਜਾਂ ਸ਼ੈਤਾਨੀ ਬਿਰਤੀ ਵਾਲਿਆਂ ਦੁਆਰਾ ਪ੍ਰਗਟ ਹੁੰਦੀ ਹੈ।

ਚਾਹੇ ਰਾਵਣ ਹੋਵੇ, ਚਾਹੇ ਹਰਨਾਖਸ਼। ਉਹਨਾਂ ਨੂੰ ਸ਼ਕਤੀ ਤਾਂ ਰੱਬ ਤੋਂ ਹੀ ਪ੍ਰਾਪਤ ਹੋਈ ਸੀ। ਪਰ ਰੱਬੀ ਰਜ਼ਾਅ ਅਤੇ ਹੁਕਮ ਤੋਂ ਬਾਹਰ ਜਾ ਕੇ ਉਹ ਇਸਤਦਰਾਜ ਬਣ ਗਈ।

ਹੁਣ ਚੂੰਕਿ ਇਸਲਾਮੀ ਫ਼ਲਸਫ਼ੇ ਮੁਤਾਬਿਕ ਪੈਗੰਬਰ ਅਤੇ ਵਲੀ ਅਲਾ ਕੋਲ ਮੌਅਜਜ਼ਾ ਜਾਂ ਕਰਾਮਾਤੀ ਸ਼ਕਤੀਆਂ ਹੁੰਦੀਆਂ ਹਨ। ਸੋ ਹੁਣ ਉਹ ਭੈ-ਭੀਤ ਸਨ ਅਤੇ ਨਿਰਣਾਇਕ ਤੌਰ ਤੇ ਨਿਸਚਤ ਜਾਂ ਤਸਦੀਕ ਕਰਨਾ ਚਾਹੁੰਦੇ ਸਨ ਕਿ ਗੁਰੂ ਤੇਗ ਬਹਾਦੁਰ ਜੀ ਔਲੀਆ ਜਾਂ ਗ਼ੈਬੀ ਸ਼ਕਤੀਆਂ ਦੇ ਮਾਲਕ ਤਾਂ ਨਹੀਂ। ਇਸ ਲਈ ਹੁਣ ਉਹਨਾਂ ਨੇ ਗੁਰੂ ਜੀ ਨੂੰ ਇਹ ਕਿਹਾ ਕਿ ਤੁਸੀਂ ਜਾਂ ਤਾਂ ਕਰਾਮਾਤ ਦਿਖਲਾਉ ਜਾਂ ਫ਼ਿਰ ਇਹ ਐਲਾਨ ਕਰੋ ਕਿ ਤੁਹਾਡੇ ਕੋਲ ਕਰਾਮਾਤ ਜਾਂ ਮੌਅਜਜ਼ਾ ਨਹੀਂ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਨਾ ਤਾਂ ਕਰਾਮਾਤ ਵਿਖਾਈ ਅਤੇ ਨਾਲ ਹੀ ਇਹ ਕਹਿਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਕਿ ਮੇਰੇ ਪਾਸ ਐਸੀ ਸ਼ਕਤੀ ਨਹੀਂ ਹੈ। ਸਾਹਿਬਾਂ ਨੇ ਸ਼ਹਾਦਤ ਤਾਂ ਪ੍ਰਵਾਨ ਕਰ ਲਈ ਪਰ ਇਹ ਸ਼ਰਤ ਨਾ ਮੰਨੀ। ਸੋ ਪ੍ਰਤਖ ਹੈ ਕਿ ਗੁਰੂ ਪਾਤਸ਼ਾਹ ਦੇ ਮੁਤਾਬਿਕ ਉਹ ਅਗੰਮੀ ਸ਼ਕਤੀਆਂ ਦੇ ਮਾਲਕ ਤਾਂ ਹਨ ਪਰ ਕਿਸੇ ਦਬਾਅ ਅਧੀਨ ਇਸਦਾ ਪ੍ਰਗਟਾਵਾ ਨਹੀਂ ਕਰਦੇ। ਡਰ, ਲਾਲਚ ਜਾਂ ਆਪਣੀ ਪ੍ਰਭਤਾ ਲਈ ਇਹਨਾਂ ਦਾ ਪ੍ਰਗਟਾਵਾ ਕਰਨਾ ਮਦਾਰੀ ਪੁਣੇ ਤੋਂ ਵੱਧ ਨਹੀਂ। ਹੁਣ ਜੇ ਕਰ ਗੁਰੂ ਤੇਗ ਬਹਾਦੁਰ ਸਾਹਿਬ ਨਹੀਂ ਕਹਿ ਰਹੇ ਕਿ ਮੇਰੇ ਪਾਸ ਕਰਾਮਾਤ ਨਹੀਂ ਹੈ ਤਾਂ ਫ਼ਿਰ ਇਹ ਕਹਿਣਾ ਕਿ ਗੁਰੂ ਘਰ ਵਿਚ ਕਰਾਮਾਤ, ਮੌਅਜਜ਼ਾ ਜਾਂ ਰੂਹਾਨੀ ਤਾਕਤ ਨਹੀਂ ਹੈ ਸਰਾਸਰ ਨਾਸਤਿਕਤਾ ਅਤੇ ਬੇਮੁਖਤਾਈ ਹੈ।

ਗੁਰ ਪਰਮੇਸ਼ਰ ਇਹਨਾਂ ਅਗੰਮੀ ਤਾਕਤਾਂ ਸ਼ਕਤੀਆਂ ਦਾ ਮਾਲਕ ਹੁੰਦਾ ਹੋਇਆਂ ਵੀ ਇਹਨਾਂ ਤੋਂ ਬਹੁਤ ਉੱਤੇ ਹੈ। ਪਰ ਅਕਾਲ ਪੁਰਖ ਦੇ ਹੁਕਮ ਨਾਲ ਸਹਿਜ ਸੁਭਾ ਇਹ ਪ੍ਰਗਟ ਹੁੰਦੀਆਂ ਹਨ ਤਾਂ ਰੱਬੀ ਸ਼ਕਤੀ ਦੀ ਝਲਕ ਤਾਂ ਹੈ ਪਰ ਕੋਈ ਦਿਖਾਵਾ ਜਾ ਪ੍ਰਗਟਾਵਾ ਕਦਾਚਿਤ ਨਹੀਂ। ਗੁਰੂ ਰਹਿਮਤ ਕਰੇ ਸਾਨੂੰ ਵੀ ਉਹ ਦੀਦ ਜਾਂ ਨਜ਼ਰ ਪ੍ਰਾਪਤ ਹੋਏ ਕਿ ਅਸੀਂ ਵੀ ਦਿਲੋਂ ਮਨੋਂ ਇਹ ਹੁਭ, ਤੜਪ ਅਤੇ ਤਾਂਘ ਪੈਦਾ ਕਰ ਸਕੀਏ ਕਿ ਰੱਬੀ ਪਿਆਰ ਵਿਚ ਵਿੰਨੇ ਹਿਰਦੇ ਚੋਂ ਭਾਈ ਨੰਦ ਲਾਲ ਦੀ ਕਲਮ 'ਚੋਂ ਉਤਪੰਨ ਹੋਈ ਹੂਕ ਨਿਕਲੇ ਕਿ,

ਗੁਰੂ ਗੋਬਿੰਦ ਗੋਪਾਲ ਗੁਰ ਪੂਰਨ ਨਾਰਾਇਣਹਿ।

ਗੁਰ ਦਿਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹਿ॥

http://santsipahi.org/index.php?option=com_content&view=article&id=130:2010-11-20-12-38-31&catid=61:2010&Itemid=86

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use