Jump to content

Shaheed Akali Phoola Singh


Recommended Posts

Akali Phoola Singh (Gurmukhi)

Wednesday 21st of March 2007

Jagdeep Singh Fareedkot

Note: This article is in UNICODE Gurmukhi, for technical assistance visit : Wikipedia's Multilugual Support Page

ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ ਨਿਧੜਕ ਜਰਨੈਲ ਅਸਲੀ ਨਿਹੰਗ ਅਕਾਲੀ ਫੂਲਾ ਸਿੰਘ (ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਰਚਿਤ ਅਕਾਲੀ ਫੂਲਾ ਸਿੰਘ ਤੇ ਅਧਾਰਿਤ)

ਨਿਰਭਉ ਹੋਇਓ ਭਇਆ ਨਿਹੰਗਾ ॥ (ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 391)

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਅਕਾਲੀ ਸ਼ਬਦ ਦੀ ਵਿਆਖਿਆ ਵਿਚ ਇਕ ਛੋਟੀ ਜਿਹੀ ਕਵਿਤਾ ਲਿਖੀ ਹੈ,

ਕਮਲ ਜਿਉਂ ਮਾਯਾ ਜਲ ਵਿਚ ਹੈ ਅਲੇਪ ਸਦਾ,

ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ।

ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ,

ਭਾਣੇ ਵਿਚ ਬਿਪਦਾ ਨੂੰ ਮੰਨੇ ਖੁਸ਼ਹਾਲੀ ਹੈ।

ਸਵਾਰਥ ਤੋਂ ਬਿਨਾ ਗੁਰੁਦਵਾਰਿਆਂ ਦਾ ਚੌਕੀਂਦਾਰ,

ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ।

ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ,

ਸਿਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ।

ਇੱਕ ਵਾਰ ਕੋਈ ਨਿਹੰਗ ਸਿੰਘ ਸਿਰਦਾਰ ਕਪੂਰ ਸਿੰਘ ਕੋਲੋਂ ਘੋੜੇ ਤੇ ਸਵਾਰ ਅੱਗੇ ਲੰਘਿਆ, ਜੋ ਕਿ ਪੁਰਾਤਨ ਲਿਬਾਸ ਵਿਚ ਸੀ ਤੇ ਗੁਰੂ-ਗੁਰੂ ਜਪ ਰਿਹਾ ਸੀ।ਸਿਰਦਾਰ ਸਾਹਿਬ ਨੇ ਉਸ ਨੂੰ ਤੱਕ ਕੇ ਆਪਣੇ ਨਾਲ ਜਾ ਰਹੇ ਸਾਥੀ ਨੂੰ ਕਿਹਾ, ਇਹ ਆਜ਼ਾਦ ਸਿੱਖ ਦੁਸ਼ਮਨਾਂ ਲਈ ਸਭ ਤੋਂ ਵੱਡਾ ਖ਼ਤਰਾ ਹੈ, ਤੇ ਉਹਨਾਂ ਦੀਆਂ ਅੱਖਾਂ ਵਿਚ ਸਭ ਤੋਂ ਵੱਧ ਰੜਕ ਰਿਹਾ ਹੈ।ਕਨਿੰਘਮ ਲਿਖਦਾ ਹੈ, ਮੈਂ ਇੱਕ ਨਿਹੰਗ ਨੂੰ ਦੇਖਿਆ ਜੋ ਪੱਤੇ ਖਾ ਕੇ ਗੁਜ਼ਾਰਾ ਕਰਦਾ ਸੀ, ਪਰ ਲੋਕਾਂ ਦੇ ਆਰਾਮ ਲਈ ਦਿਨ ਰਾਤ ਜਗਰਾਵਾਂ ਦੀ ਸੜਕ ਬਣਾਉਂਦਾ ਹੁੰਦਾ ਸੀ।

ਇੱਕ ਹੋਰ ਸੱਚੀ ਘਟਨਾਂ ਇੱਕ ਵਾਰ ਕਿਸੇ ਢਾਡੀ ਦੇ ਮੂੰਹੋਂ ਸੁਣੀ।ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ ਮਨੁੱਖ ਗਲਤੀਆਂ ਦਾ ਪੁਤਲਾ ਹੈ, ਕੇਵਲ ਗੁਰੂ ਤੇ ਅਕਾਲ ਹੀ ਅਭੁੱਲ ਹਨ।ਮਹਾਰਾਜਾ ਰਣਜੀਤ ਸਿੰਘ ਕੋਲੋਂ ਇੱਕ ਵੱਡੀ ਭੁੱਲ ਹੋ ਗਈ, ਜਿਸ ਬਾਰੇ ਅਕਾਲੀ ਫੂਲਾ ਸਿੰਘ(ਜੋ ਉਸ ਵੇਲੇ ਜਥੇਦਾਰ ਸਨ) ਜੀ ਨੂੰ ਵੀ ਪਤਾ ਲੱਗ ਗਿਆ।ਉਹਨਾਂ ਨੇ ਬੇਖੌਫ ਹੋ ਕੇ ਮਹਾਰਾਜੇ ਨੂੰ ਤਲਬ ਕਰ ਲਿਆ।ਮਹਾਰਾਜਾ ਸਾਹਿਬ ਪੇਸ਼ ਹੋਏ।ਸਾਰੀ ਗੱਲ ਬਾਤ ਤੋਂ ਬਾਅਦ ਅਕਾਲੀ ਫੂਲਾ ਸਿੰਘ ਜੀ ਨੇ ਸਜ਼ਾ ਸੁਣਾਈ ਕਿ ਮਹਾਰਾਜੇ ਨੂੰ ਦਰਖਤ (ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਇਮਲੀ ਦਾ ਦਰਖਤ) ਨਾਲ ਬੰਨ੍ਹ ਕੇ ਕੋੜੇ ਮਾਰੇ ਜਾਣ।ਨਿਮਰਤਾ ਦੇ ਪੁੰਜ ਮਹਾਰਾਜੇ ਨੇ ਇਸ ਹੁਕਮ ਅੱਗੇ ਸੀਸ ਝੁਕਾਇਆ ਅਤੇ ਜਾ ਕੇ ਦਰਖਤ ਨੂੰ ਗਲਵੱਕੜੀ ਪਾ ਲਈ।ਸੰਗਤ ਵਿਚੋਂ ਆਵਾਜ਼ਾਂ ਆਉਣ ਲੱਗੀਆਂ, ਧੰਨ ਮਹਾਰਾਜਾ, ਧੰਨ ਮਹਾਰਾਜਾ ਰਾਜਾ ਹੋਵੇ ਤਾਂ ਐਸਾ।ਜਦੋਂ ਇਹ ਆਵਾਜ਼ਾਂ ਮਹਾਰਾਜੇ ਨੇ ਸੁਣੀਆਂ ਤਾਂ ਬੜੀ ਉੱਚੀ ਆਵਾਜ਼ ਵਿਚ ਬੋਲਿਆ, ਮਹਾਰਾਜਾ ਧੰਨ ਨਹੀਂ, ਧੰਨ ਤਾਂ ਹੈ ਅਕਾਲੀ ਫੂਲਾ ਸਿੰਘ ਪੰਥ ਦਾ ਜਥੇਦਾਰ ਹੋਵੇ ਤਾਂ ਐਸਾ, ਨਿਡਰ, ਨਿਧੜਕ।ਇਹ ਘਟਨਾਂ ਭਾਵੇਂ ਇੰਨ ਬਿੰਨ ਸੱਚ ਨਾ ਹੋਵੇ ਪਰ ਇਸ ਵਿਚ ਇੱਕ ਬੜੀ ਵੱਡੀ ਸਿੱਖਿਆ ਹੈ।

ਇੱਕ ਹੋਰ ਛੋਟੀ ਜਿਹੀ ਘਟਨਾਂ ਦਾ ਜ਼ਿਕਰ ਕਰਕੇ ਅਸਲੀ ਵਿਸ਼ੇ ਵੱਲ ਆਉਂਦੇ ਹਾਂ।ਕੋਈ ਵਿਦੇਸ਼ੀ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਆਇਆ।ਮਹਾਰਾਜੇ ਨਾਲ ਉਸ ਦੀ ਮਿਲਣੀ ਮਹਿਲ ਵਿਚ ਹੋਈ।ਮਹਾਰਾਜੇ ਨਾਲ ਗੱਲ ਬਾਤ ਦੌਰਾਨ ਉਹ ਇਤਿਹਾਸਕਾਰ ਆਲੇ ਦੁਆਲੇ ਦੇਖ ਕੇ ਕੁਝ ਹੈਰਾਨ ਜਿਹਾ ਹੋ ਰਿਹਾ ਸੀ।ਅੰਤ ਕਾਫੀ ਸਮੇਂ ਪਿੱਛੋਂ ਉਸ ਨੇ ਮਹਾਰਾਜੇ ਨੂੰ ਕਿਹਾ, ਮਹਾਰਾਜ ਤੁਹਾਡੇ ਰਾਜ ਦੀਆਂ ਧੁੰਮਾਂ ਪੂਰੇ ਸੰਸਾਰ ਵਿਚ ਪਈਆਂ ਹੋਈਆਂ ਨੇ, ਕਾਬਲ ਕੰਧਾਰ ਤੋਂ ਲੈ ਕੇ ਚੀਨ ਤੱਕ ਤੁਹਾਡਾ ਸਿੱਕਾ ਚੱਲਦਾ ਹੈ। ਪਰ ਮਹਾਰਾਜ ਮੈਂ ਹੈਰਾਨ ਹਾਂ ਕਿ ਤੁਹਾਡੇ ਮਹਿਲ ਦੇ ਸੀਸ਼ੇ ਕਈ ਥਾਵਾਂ ਤੋਂ ਟੁੱਟੇ ਹੋਏ ਹਨ, ਕੀ ਕਾਰਨ ਹੈ?। ਉਸ ਦੀ ਗੱਲ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਪਹਿਲਾਂ ਤਾਂ ਕੁਝ ਹੱਸੇ ਤੇ ਫੇਰ ਬੋਲੇ, ਅੰਮ੍ਰਿਤਸਰ ਤੋਂ ਅਕਾਲੀ(ਨਿਹੰਗ ਸਿੰਘ) ਆਉਂਦੇ ਨੇ, ਘੋੜਿਆਂ ਤੇ ਚੜ੍ਹ ਕੇ। ਮਹਿਲ ਦੇ ਬਾਹਰ ਆ ਕੇ ਗੋਲੀਆਂ ਚਲਾਉਦੇਂ ਨੇ ਤੇ ਵੱਟਿਆਂ(ਪੱਥਰਾਂ) ਨਾਲ ਮਹਿਲ ਦੇ ਸੀਸ਼ੇ ਤੋੜ ਦਿੰਦੇ ਨੇ। ਹਰ ਵਾਰ ਉੱਚੀ-ਉੱਚੀ ਬੋਲ ਕੇ ਮੈਨੂੰ ਯਾਦ ਕਰਵਾ ਕੇ ਜਾਂਦੇ ਨੇ ਕਾਣਿਆਂ-ਕਾਣਿਆਂ ਇਹ ਤੇਰਾ ਰਾਜ ਨਹੀਂ ਖਾਲਸੇ ਦਾ ਰਾਜ ਹੈ ।ਵਿਦੇਸ਼ੀ ਇਤਿਹਾਸਕਾਰ ਸੁਣ ਕੇ ਦੰਗ ਰਹਿ ਗਿਆ।ਪਹਿਲੀ ਵਾਰ ਸੁਣਨ ਵਿਚ ਇਹ ਘਟਨਾਂ ਭਾਵੇਂ ਥੋੜੀ ਓਪਰੀ ਲੱਗੇ, ਪਰ ਅਸਲ ਵਿਚ ਇਸ ਵਿਚੋਂ ਦਿਸਦਾ ਹੈ ਨਿਹੰਗ ਸਿੰਘਾਂ ਦਾ ਅਸਲੀ ਸਰੂਪ, ਜਿਹੜਾ ਵੈਰੀ ਤੋਂ ਤਾਂ ਡਰਨਾ ਹੀ ਕੀ ਸੀ ਸਗੋਂ ਜੇ ਕਦੇ ਆਪਣੇ ਰਾਜੇ ਜਾਂ ਆਗੂ ਤੋਂ ਵੀ ਕੋਈ ਗਲਤੀ ਹੁੰਦੀ ਦਿਸੀ ਤਾਂ ਉਸ ਮੂਹਰੇ ਵੀ ਉਸੇ ਨਿਡਰਤਾ ਨਾਲ ਅੜ ਕੇ ਖੜ੍ਹਿਆ ਤੇ ਉਸ ਨੂੰ ਗਲਤੀ ਦਾ ਅਹਿਸਾਸ ਕਰਵਾਇਆ।

ਸੋ ਅੱਜ ਅਸੀਂ ਇੱਕ ਨਿਹੰਗ ਬਾਰੇ ਜਾਣਾਗੇ ਜੋ ਯੋਧਾ ਹੋਣ ਦੇ ਨਾਲ-ਨਾਲ ਬੜੇ ਉੱਚੇ-ਸੁੱਚੇ ਜੀਵਨ ਵਾਲਾ ਸੀ, ਬਾਣੀ ਤੇ ਬਾਣੇ ਦਾ ਧਾਰਨੀ ਅਸਲੀ ਅਕਾਲੀ ਅਕਾਲੀ ਫੂਲਾ ਸਿੰਘ।

ਮੇਜਰ ਸਮਾਇਥ ਆਪਣੀ ਕਿਤਾਬ ਵਿਚ ਸੱਚੇ ਅਕਾਲੀਆਂ ਬਾਰੇ ਲਿਖਦਾ ਹੈ, ਸੱਚੇ ਅਕਾਲੀ ਹੱਦ ਦਰਜੇ ਦੇ ਦਲੇਰ ਅਤੇ ਸੁਤੰਤਰ ਹੁੰਦੇ ਸਨ, ਸਭ ਕਿਸੇ ਨਾਲ ਪਿਆਰ ਨਾਲ ਮਿਲਦੇ ਸਨ।ਪਰ ਉਨ੍ਹਾਂ ਤੋਂ ਡਾਢੀ ਘ੍ਰਿਣਾ ਕਰਦੇ ਸਨ ਜੋ ਹੈਕੜ ਦੇ ਬੁੱਲੇ ਤੇ ਚੜ੍ਹ ਹੋਏ ਆਪਣੇ ਆਪ ਨੂੰ ਉਹਨਾਂ ਤੋਂ ਉੱਚਾ ਸਮਝਦੇ ਸਨ।ਉਹਨਾਂ ਦੀ ਜਿੰਦਗੀ ਦਾ ਮੁੱਖ ਆਦਰਸ਼ ਗੁਰਦਵਾਰਿਆਂ ਦੀ ਸੇਵਾ ਸੰਭਾਲ, ਰੱਖਿਆ, ਮਰਿਯਾਦਾ ਦੀ ਪਵਿੱਤ੍ਰਤਾ ਨੂੰ ਕਾਇਮ ਰੱਖਣਾ ਸੀ।ਇਹਨਾਂ ਫਰਜ਼ਾਂ ਦੇ ਪੂਰਾ ਕਰਨ ਵਿਚ ਜਾਨ ਤੱਕ ਵਾਰਨ ਦੀ ਪ੍ਰਵਾਹ ਨਹੀਂ ਸਨ ਕਰਦੇ।ਆਪਣਾ ਸੀਸ ਦੇਣ ਲਈ ਹਮੇਸ਼ਾਂ ਤੱਤਪਰ ਰਹਿੰਦੇ ਸਨ।ਉਹਨਾਂ ਦਾ ਆਚਰਨ ਬਹੁਤ ਪਵਿੱਤਰ ਸੀ ਤੇ ਉਹ ਕਥਨੀ ਤੇ ਕਰਨੀ ਦੇ ਸੂਰੇ ਸਨ।

ਜਾਂਬਾਜ਼ ਜਰਨੈਲ ਅਕਾਲੀ ਫੂਲਾ ਸਿੰਘ ਜੀ ਵੀ ਇਸੇ ਖਾਣ ਦੇ ਇੱਕ ਅਣਮੁੱਲੇ ਹੀਰੇ ਸਨ।ਉਹਨਾਂ ਦੀ ਬੇਮਿਸਾਲ ਬੀਰਤਾ ਦੇ ਅੱਗੇ ਵੱਡੇ ਵੱਡੇ ਜਰਨੈਲਾਂ ਦੇ ਸਿਰ ਝੁਕ ਗਏ।ਅਕਾਲੀ ਜੀ ਸਿਰ ਤੋਂ ਪੈਰਾਂ ਤੱਕ ਕੌਮੀ ਪਿਆਰ ਨਾਲ ਗੜੁੱਚ ਸਨ।ਉਹਨਾਂ ਦੇ ਸੀਨੇ ਵਿਚ ਐਸਾ ਦਿਲ ਸੀ ਜੋ ਪੰਥਕ ਦਰਦ ਦੇ ਨਾਲ ਤੜਫ ਉੱਠਦਾ ਸੀ ਤੇ ਜਿਸ ਨੇ ਖਾਲਸਾ ਰਾਜ ਨੂੰ ਵਧਾਉਣ ਅਤੇ ਸਥਿਰ ਰੱਖਣ ਲਈ ਆਪਣਾ ਸੀਸ ਤੱਕ ਵਾਰ ਦਿੱਤਾ।ਜਿੰਨੀਆਂ ਵੀ ਲੜਾਈਆਂ ਖਾਲਸਾ ਰਾਜ ਦੇ ਵਾਧੇ ਲਈ ਜਿੱਥੇ ਵੀ ਹੋਈਆਂ ਉਹ ਉਹਨਾਂ ਸਾਰੀਆਂ ਵਿਚ ਆਪਣੇ ਜੱਥੇ ਸਮੇਤ ਸ਼ਾਮਿਲ ਹੰਦੇ ਰਹੇ।ਖਾਲਸਾ ਰਾਜ ਦੀ ਜੰਗੀ ਸੇਵਾ ਤਨੋ-ਮਨੋ, ਬਿਨਾ ਕਿਸੇ ਤਨਖਾਹ ਦੇ ਲਾਲਚ ਦੇ, ਵਧ ਚੜ੍ਹ ਕੇ ਕਰਦੇ ਰਹੇ।ਇਹੀ ਕਾਰਨ ਸੀ ਜਿਸ ਕਰਕੇ ਅਕਾਲੀ ਜੀ ਸਾਰੇ ਪੰਥ ਵਿਚ ਸਤਿਕਾਰਯੋਗ ਮੰਨੇ ਜਾਂਦੇ ਹਨ।(ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ)

ਨਾਮ ਬਾਣੀ ਦੇ ਅਭਿਆਸੀ ਭਾਈ ਈਸ਼ਰ ਸਿੰਘ ਤੇ ਗੁਰੂ ਗੁਰੂ ਜਪਣ ਵਾਲੀ ਗੁਰਸਿੱਖ ਮਾਤਾ ਦੇ ਘਰ ਸੰਨ 1761 ਈ.(ਕਨਿੰਘਮ, ਪ੍ਰਿਸਿਪ ਅਤੇ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ) ਨੂੰ ਸ਼ੀਹੇਂ ਪਿੰਡ ਵਿਚ ਇੱਕ ਸ਼ੇਰ ਪੁੱਤਰ ਨੇ ਜਨਮ ਲਿਆ।ਜਿਸ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਸੰਗਤ ਨੇ ਫੂਲਾ ਸਿੰਘ ਰੱਖਿਆ।ਭਾਈ ਈਸ਼ਰ ਸਿੰਘ ਨਿਸ਼ਾਨਾਂ ਵਾਲੀ ਮਿਸਲ ਨਾਲ ਸਬੰਧ ਰੱਖਦੇ ਸਨ ਅਤੇ ਕਈ ਪੰਥਕ ਸੰਘਰਸ਼ਾਂ ਵਿਚ ਆਪਣੇ ਜੰਗੀ ਜੌਹਰ ਵਿਖਾ ਚੁੱਕੇ ਸਨ।ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਵੇਲੇ ਫੂਲਾ ਸਿੰਘ ਇੱਕ ਸਾਲ ਦਾ ਹੋ ਚੁੱਕਾ ਸੀ।ਪੰਥ ਨੇ ਅਬਦਾਲੀ ਦੇ ਇਸ ਹੱਲੇ ਦੇ ਜਵਾਬ ਲਈ ਕਮਰਕੱਸੇ ਕਰ ਲਏ।ਭਾਈ ਈਸ਼ਰ ਸਿੰਘ ਵੀ ਨਿਸ਼ਾਨਾਂ ਵਾਲੀ ਮਿਸਲ ਨਾਲ ਇਸ ਜੰਗ ਵਿਚ ਸ਼ਾਮਿਲ ਹੋਏ।ਭਾਈ ਸਾਹਿਬ ਇਸ ਲੜਾਈ ਵਿਚ ਫੱਟੜ ਹੋ ਗਏ ਤੇ ਜੱਥੇ ਨਾਲ ਅੱਗੇ ਨਾ ਵਧ ਸਕੇ।ਘਰ ਭਾਈ ਸਾਹਿਬ ਦੇ ਫੱਟ ਸਿਉਂ ਦਿੱਤੇ ਗਏ।ਇਹ ਜਖ਼ਮ ਪਹਿਲਾਂ ਤਾਂ ਬਹੁਤ ਖ਼ਤਰਨਾਖ਼ ਨਹੀਂ ਸਨ ਪਰ ਸਮੇਂ ਸਿਰ ਯੋਗ ਇਲਾਜ ਨਾ ਹੋਣ ਕਰਕੇ ਵਿਗੜ ਗਏ ਤੇ ਹਾਲਾਤ ਖ਼ਤਰੇ ਵਾਲੀ ਹੋ ਗਈ।ਆਪਣੀ ਨਾਜ਼ੁਕ ਹਾਲਤ ਤੱਕ ਕੇ ਭਾਈ ਈਸ਼ਰ ਸਿੰਘ ਨੇ ਭੁਜੰਗੀ ਫੂਲਾ ਸਿੰਘ ਦਾ ਹੱਥ ਭਾਈ ਨਰੈਣ ਸਿੰਘ(ਮਿਸਲ ਸ਼ਹੀਦਾਂ) ਨੂੰ ਫੜ੍ਹਾ ਦਿੱਤਾ ਤੇ ਕਿਹਾ ਕਿ ਇਸ ਨੂੰ ਆਪਣਾ ਬੱਚਾ ਜਾਣ ਕੇ ਐਸੀ ਸਿੱਖਿਆ ਦੇਣੀ ਕਿ ਇੱਕ ਦਿਨ ਇਹ ਪੰਥ ਉੱਤੋਂ ਆਪਾ ਕੁਰਬਾਨ ਕਰ ਦੇਵੇ।

ਦਸ ਸਾਲ ਦੀ ਉਮਰ ਵਿਚ ਹੀ ਫੂਲਾ ਸਿੰਘ ਨੇ ਆਪਣੀ ਮਾਤਾ ਤੇ ਭਾਈ ਨਰੈਣ ਸਿੰਘ ਦੀ ਦੇਖ ਰੇਖ ਵਿਚ ਨਿੱਤਨੇਮ ਦੀਆਂ ਬਾਣੀਆਂ ਸਮੇਤ ਅਕਾਲ ਉਸਤਤਿ, 33 ਸਵੱਯੇ ਤੇ ਹੋਰ ਬਹੁਤ ਸਾਰੀਆਂ ਬਾਣੀਆਂ ਕੰਠ ਕਰ ਲਈਆਂ। ਐਸੀ ਦ੍ਰਿੜਤਾ ਸੀ ਕਿ ਜਿੱਥੋਂ ਤੱਕ ਸੰਥਿਆ ਲੈਂਦੇ, ਜਿੰਨੀ ਦੇਰ ਉਨੀ ਬਾਣੀ ਕੰਠ ਨਾ ਹੋ ਜਾਂਦੀ, ਖਾਣ ਪੀਣ ਵੱਲ ਮੂੰਹ ਨਾ ਕਰਦੇ।ਕਹਿੰਦੇ ਨੇ ਜਦੋਂ ਵੀ ਕੋਈ ਫੂਲਾ ਸਿੰਘ ਨੂੰ ਤੱਕਦਾ ਤਾਂ ਉਹ ਗੁਰਬਾਣੀ ਹੀ ਪੜ੍ਹ ਰਿਹਾ ਹੁੰਦਾ।ਗੁਰਬਾਣੀ ਨਾਲ ਅਥਾਹ ਪਿਆਰ ਹੋ ਚੁੱਕਾ ਸੀ ਤੇ ਗੁਰੂ ਰੋਮ ਰੋਮ ਵਿਚ ਵਸ ਚੁੱਕਾ ਸੀ।

ਜਦੋਂ ਫੂਲਾ ਸਿੰਘ ਗੁਰਬਾਣੀ ਨਾਲ ਇੱਕ ਰਸ ਹੋ ਗਿਆ ਤਾਂ ਭਾਈ ਨਰੈਣ ਸਿੰਘ ਨੇ ਕ੍ਰਿਪਾਨ ਹੱਥ ਵਿਚ ਫੜਾ ਦਿੱਤੀ ਤੇ ਸਸ਼ਤਰ ਵਿੱਦਿਆ ਦੇਣੀ ਸ਼ੁਰੂ ਕਰ ਦਿੱਤੀ।ਜਿਹੜੀ ਉਸ ਸਮੇਂ ਹਰ ਸਿੱਖ ਬੱਚੇ ਲਈ ਜਰੂਰੀ ਹੁੰਦੀ ਸੀ (ਤੇ ਸ਼ਾਇਦ ਅੱਜ ਵੀ ਓਨੀ ਹੀ ਜਰੂਰੀ ਹੈ, ਪਰ ਅੱਜ ਅਸੀਂ ਇਸ ਨੂੰ ਸਿਰਫ ਨਿਹੰਗ ਸਿੰਘਾਂ ਦੀ ਖੇਡ ਬਣਾ ਕੇ ਰੱਖ ਦਿੱਤਾ ਹੈ)।ਫੂਲਾ ਸਿੰਘ ਥੋੜੇ ਸਮੇਂ ਵਿਚ ਹੀ ਤਲਵਾਰਬਾਜ਼ੀ ਤੇ ਤੀਰ ਕਮਾਨ ਵਿਚ ਪੂਰੇ ਨਿਪੁੰਨ ਹੋ ਗਏ। ਭਾਈ ਨਰੈਣ ਸਿੰਘ ਬੱਚਿਆਂ ਦੀਆਂ ਟੋਲੀਆਂ ਬਣਾ ਕੇ ਉਨ੍ਹਾਂ ਨੂੰ ਅੱਪਸ ਵਿਚ ਇੱਕ ਦੂਜੇ ਤੇ ਹੱਲੇ ਕਰਵਾਉਂਦੇ।ਇਸ ਸਿੱਖਿਆਦਾਇਕ ਆਪਸੀ ਜੰਗ ਵਿਚ ਫੂਲਾ ਸਿੰਘ ਦੀ ਘੋੜ ਸਵਾਰੀ ਤੇ ਹੋਰ ਜੰਗੀ ਗੁਣਾ ਨੂੰ ਤੱਕ ਕੇ ਵੇਖਣ ਵਾਲਾ ਮੂੰਹ ਵਿਚ ਉਂਗਲਾਂ ਪਾ ਲੈਦਾ।

ਫੂਲਾ ਸਿੰਘ ਦੀ ਮਾਤਾ ਪੁੱਤਰ ਨੂੰ ਇਸ ਤਰ੍ਹਾਂ ਸੰਤ ਸਿਪਾਹੀ ਬਣਦਾ ਤੱਕ ਕੇ ਗਦਗਦ ਹੋ ਰਹੀ ਸੀ, ਪਰ ਉਸ ਦੀ ਕਿਸਮਤ ਵਿਚ ਨਹੀਂ ਸੀ ਕਿ ਉਹ ਪੁੱਤਰ ਨੂੰ ਪੰਥਕ ਸੇਵਾ ਕਰਦੇ ਹੋਏ ਤੱਕ ਸਕੇ। ਇੱਕ ਦਿਨ ਮਾਤਾ ਅਚਾਨਕ ਪੌੜੀ ਤੋਂ ਡਿੱਗ ਪਈ ਅਤੇ ਡਿੱਗਦੇ ਸਾਰ ਬੇਹਾਲ ਹੋ ਗਈ। ਆਪਣਾ ਅੰਤ ਨਜ਼ਦੀਕ ਵੇਖ ਕੇ ਉਸ ਨੇ ਆਪਣੇ ਪੁੱਤਰ ਫੂਲਾ ਸਿੰਘ ਨੂੰ ਕੋਲ ਬੁਲਾਇਆ ਤੇ ਅੰਤਿਮ ਸਿੱਖਿਆ ਦਿੱਤੀ, ਪੁੱਤਰ, ਅਕਾਲ ਪੁਰਖ ਦੁਆਰਾ ਬਖ਼ਸ਼ੀ ਆਯੂ ਭੋਗ ਕੇ ਹੁਣ ਮੈਂ ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥ ਦੇ ਮਹਾ ਵਾਕ ਅਨੁਸਾਰ ਇਸ ਸੰਸਾਰ ਤੋਂ ਵਿਦਾ ਹੋ ਰਹੀ ਹਾਂ।ਪੁੱਤਰ ਗੁਰੂ ਸਾਹਿਬ ਫੁਰਮਾਉਂਦੇ ਹਨ ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਸਭ ਨੇ ਇਕ ਦਿਨ ਚਲੇ ਜਾਣਾ ਹੈ, ਪਰ ਅਮਰ ਉਹ ਸੂਰਮਾ ਹੁੰਦਾ ਹੈ ਜੋ ਮਨੁੱਖਤਾ ਦੀ ਆਜ਼ਾਦੀ ਲਈ ਆਪਾ ਕੁਰਬਾਨ ਕਰ ਦੇਵੇ। ਪੁੱਤਰ ਮੈਂ ਤੈਨੂੰ ਪੰਥ ਸੇਵਾ ਲਈ ਯੋਗ ਬਣਾਨ ਦਾ ਯਤਨ ਕੀਤਾ ਹੈ ਤੇ ਗੁਰੂ ਦੀ ਮਿਹਰ ਨਾਲ ਤੂੰ ਸਭ ਤਰ੍ਹਾਂ ਇਸ ਮਹਾਨ ਕਾਰਜ ਦੇ ਯੋਗ ਹੋ ਵੀ ਗਿਆ ਹੈਂ।ਪੁੱਤਰ ਦੇਸ਼ ਵਿਚ ਧਰਮੀਆਂ ਤੇ ਜ਼ੁਲਮੀ ਅੱਤਿਆਚਾਰ ਦੀਆਂ ਬਿਜਲੀਆਂ ਡਿੱਗ ਰਹੀਆਂ ਨੇ, ਤੇ ਤੇਰਾ ਧਰਮ ਹੈ ਤੂੰ ਇਹਨਾਂ ਬਿਜਲੀਆਂ ਨਾਲ ਟੱਕਰ ਲਵੇਂ। ਧਰਮ ਦੀ ਪਾਵਨ ਜੋਤ ਨੂੰ ਜਗਦਾ ਰੱਖਣ ਲਈ ਕੂੜ ਦੀ ਹਰੇਕ ਹਨੇਰੀ ਅੱਗੇ ਸੱਚ ਦੀ ਪਾਲ (ਕੰਧ) ਬਣ ਕੇ ਖਲੋ ਜਾਵੀਂ, ਇਸ ਕਾਰਜ ਲਈ ਭਾਵੇਂ ਸਰਬੰਸ ਵੀ ਕੁਰਬਾਨ ਕਰਨਾ ਪਵੇ, ਦੇਰ ਨਾ ਲਾਈਂ। ਸਨਮੁਖ ਹੋ ਰਣ ਵਿਚ ਜੂਝ ਕੇ ਮਰਨਾ ਸੂਰਮਿਆਂ ਦਾ ਧਰਮ ਹੈ, ਪਿੱਛੇ ਪੈਰ ਖਿੱਚਣਾ ਕਾਇਰਤਾ ਹੈ।ਤੂੰ ਆਪਣੇ ਬਲੀ ਪਿਤਾ ਦਾ ਪੁੱਤ ਤੇ ਮਹਾਨ ਤਪੱਸਵੀ, ਯੋਧੇ ਜਰਨੈਲ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿਖ ਹੈਂ। ਉਨ੍ਹਾਂ ਦੇ ਪਾਏ ਮਹਾਨ ਪੂਰਨਿਆਂ ਤੇ ਤੁਰਨ ਦਾ ਯਤਨ ਕਰੀਂ। ਹਰਿ ਬਿਸਰਤ ਸਦਾ ਖੁਆਰੀ ॥ ਸੋ ਗੁਰੂ ਨੂੰ ਕਦੇ ਵੀ ਮਨੋਂ ਵਿਸਰਨ ਨਾ ਦੇਈਂ। ਪੁੱਤਰ, ਪੰਥ ਨੂੰ ਇਸ ਸਮੇਂ ਤੇਰੀ ਲੋੜ ਹੈ ਤੇ ਤੈਨੂੰ ਪੰਥ ਲਈ ਜਿਊਣਾ ਅਤੇ ਮਰਨਾ ਪਵੇਗਾ। ਤੂੰ ਸਿਖ ਹੈਂ, ਇਸ ਤੋਂ ਵੱਧ ਹੋਰ ਕੀ ਦੱਸਾਂ? ਬੱਸ ਸਿਖੀ ਜੀਵਨ ਬਤੀਤ ਕਰੀਂ, ਗੁਰੂ ਪੰਥ ਤੋਂ ਆਪਾ ਕੁਰਬਾਨ ਕਰਨ ਵਿਚ ਆਪਣੇ ਚੰਗੇ ਭਾਗ ਸਮਝੀਂ ਤੇ ਮੇਰੀ ਕੁੱਖ਼ ਨੂੰ ਦਾਗ ਨਾ ਲੱਗਣ ਦੇਈਂ । ਧਰਮੀਂ ਮਾਂ ਐਸੀਆਂ ਅਮੁੱਲੀਆਂ ਸਿੱਖਿਆਵਾਂ ਆਪਣੇ ਯੋਧੇ ਪੁੱਤ ਨੂੰ ਦੇ ਕੇ ਸਦਾ ਦੀ ਨੀਂਦ ਸੌਂ ਗਈ।

ਮਾਤਾ ਦੇ ਅੰਤਿਮ ਸੰਸਕਾਰ ਤੋਂ ਵਿਹਲੇ ਹੋ ਕੇ ਫੂਲਾ ਸਿੰਘ ਨੇ ਸ਼ਸ਼ਤਰ ਬਸਤਰ ਪਹਿਣ ਲਏ ਅਤੇ ਮਿਸਲ ਸ਼ਹੀਦਾਂ ਵਿਚ ਸ਼ਾਮਿਲ ਹੋ ਗਿਆ। ਕਾਫੀ ਸਮਾਂ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿਚ ਬਿਤਾਉਣ ਤੋਂ ਬਾਅਦ ਸੰਨ 1800 ਈ. ਦੇ ਕਰੀਬ ਆਪ ਆਪਣੇ ਜੱਥੇ ਸਮੇਤ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਇੱਥੇ ਜੋ ਕੁਰੀਤੀਆਂ ਪ੍ਰਚੱਲਿਤ ਹੋ ਗਈਆਂ ਸਨ, ਉਹਨਾਂ ਦਾ ਸੁਧਾਰ ਕੀਤਾ ਤੇ ਆਪਣੀ ਨਜ਼ਰ ਹੇਠ ਸਾਰਾ ਪ੍ਰਬੰਧ ਰੱਖਿਆ। ਅੰਮ੍ਰਿਤ ਸਰੋਵਰ ਦੀ ਸੇਵਾ ਵੀ ਸੰਗਤਾਂ ਤੇ ਆਪਣੇ ਜੱਥੇ ਤੋਂ ਇਸੇ ਸਾਲ ਕਰਵਾਈ।

1801 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸ਼੍ਰੀ ਅੰਮ੍ਰਿਤਸਰ ਸਹਿਬ ਨੂੰ ਖਾਲਸਾ ਰਾਜ ਨਾਲ ਮਿਲਾਉਣ ਲਈ ਚੜ੍ਹਾਈ ਕੀਤੀ। ਟੱਕਰ ਹੋਣੀ ਸੀ ਭੰਗੀ ਮਿਸਲ ਨਾਲ ਜੋ ਮਹਾਰਾਜੇ ਦੇ ਪਿਤਾ ਦੇ ਸਮੇਂ ਤੋਂ ਹੀ ਵਿਰੋਧੀ ਸਨ। ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਕਾਲੀ ਫੂਲਾ ਸਿੰਘ ਦੋਵੇਂ ਸਿਖ ਫੌਜਾਂ ਦੇ ਵਿਚਾਲੇ ਖੜ੍ਹ ਗਿਆ ਤੇ ਦੋਹਾਂ ਧਿਰਾਂ ਦੇ ਜਰਨੈਲਾਂ ਨੂੰ ਆਪਸੀ ਲੜਾਈ ਤੋਂ ਵਰਜਿਆ। ਮਹਾਰਾਜਾ ਰਣਜੀਤ ਸਿੰਘ, ਅਕਾਲੀ ਜੀ ਦੇ ਇਸ ਕੌਮੀਂ ਦਰਦ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਤੇ ਉਸੇ ਵਖਤ ਘੇਰਾ ਉਠਾ ਦਿੱਤਾ। ਭੰਗੀ ਸਰਦਾਰ ਵੀ ਢਿੱਲੇ ਪੈ ਗਏ ਤੇ ਸੁਲ੍ਹਾ ਕਰ ਲਈ। ਇਸ ਤਰ੍ਹਾਂ ਅਕਾਲੀ ਜੀ ਨੇ ਭਰਾਵਾਂ ਦਾ ਆਪਸ ਵਿਚ ਲੜ ਕੇ ਲਹੂ ਡੁੱਲਣ ਤੋਂ ਬਚਾ ਲਿਆ।

ਸੰਨ 1807 ਵਿਚ ਖਾਲਸੇ ਦੀ ਕਸੂਰ ਦੇ ਨਵਾਬ ਕੁਤਬਦੀਨ ਨਾਲ ਹੋਈ ਜੰਗ ਵਿਚ ਅਕਾਲੀ ਫੂਲਾ ਸਿੰਘ ਜੀ ਨੇ ਵੀ ਆਪਣੇ ਜੱਥੇ ਸਮੇਤ ਹਿੱਸਾ ਲਿਆ। ਇਸ ਲੜਾਈ ਵਿਚ ਅਕਾਲੀ ਜੀ ਦੁਆਰਾ ਦਿਖਾਈ ਗਈ ਬਹਾਦਰੀ ਨੇ ਮਹਾਰਾਜੇ ਦੇ ਦਿਲ ਵਿਚ ਉਹਨਾਂ ਲਈ ਹੋਰ ਕਦਰ ਪੈਦਾ ਕਰ ਦਿੱਤੀ।ਸਿਖ ਫੌਜਾਂ ਇਸ ਜੰਗ ਵਿਚ ਜੇਤੂ ਰਹੀਆਂ ਅਤੇ ਕਸੂਰ ਤੇ ਵੀ ਕੇਸਰੀ ਨਿਸ਼ਾਨ ਸਾਹਿਬ ਝੂਲਣ ਲੱਗਾ।

ਇਸ ਤੋਂ ਬਾਅਦ ਖਾਲਸਾ ਰਾਜ ਦੇ ਫੈਲਾਅ ਤੇ ਬਚਾਅ ਵਾਸਤੇ ਲੜੀ ਹਰੇਕ ਜੰਗ ਲਈ ਡੁੱਲੇ ਲਹੂ ਵਿਚ ਅਕਾਲੀ ਫੁਲਾ ਸਿੰਘ ਜੀ ਦੇ ਖੁਨ ਦੇ ਕੁਝ ਕਤਰੇ ਜਰੂਰ ਸ਼ਾਮਿਲ ਹੁੰਦੇ।

ਮਿਸਟਰ ਮਿਟਕਾਫ (ਬ੍ਰਿਟਸ਼ ਰਾਜ ਦਾ ਸਫੀਰ) 11 ਸਤੰਬਰ 1808 ਈ. ਨੂੰ ਕਸੂਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ। ਇੱਥੇ ਉਸਦੀ ਮਹਾਰਾਜੇ ਨਾਲ ਖੁੱਲ ਕੇ ਗੱਲਬਾਤ ਨਹੀਂ ਹੋਈ ਸੋ ਲੰਮੀਆਂ ਵਿਚਾਰਾਂ ਕਰਨ ਦੇ ਮਨਸੂਬੇ ਨਾਲ ਉਹ ਮਹਾਰਾਜੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਿਆ। ਕੁਝ ਦਿਨਾਂ ਬਾਅਦ ਮੁਹੱਰਮ ਦੇ ਦਿਨ ਆ ਗਏ। ਮਿਟਕਾਫ ਨਾਲ ਸ਼ੀਆ ਮੁਸਲਮਾਨਾਂ ਦਾ ਇੱਕ ਟੋਲਾ ਸੀ। ਉਹਨਾਂ ਨੇ ਆਪਣੇ ਮਤ ਅਨੁਸਾਰ ਤਾਜ਼ੀਆ ਕੱਢਿਆ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬਜ਼ਾਰਾਂ ਵਿਚ ਹਸਨ ਹੁਸੈਨ ਦੇ ਨਾਅਰੇ ਲਾਉਂਦੇ ਹੋਏ ਸਾਰੇ ਮੁਸਲਮਾਨ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਪਹੁੰਚ ਗਏ। ਇਸ ਸਮੇਂ ਆਥਣ ਦੇ ਦੀਵਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸਜ ਰਹੇ ਸਨ। ਜਦੋਂ ਬਾਹਰ ਦੀ ਇਹ ਆਵਾਜ਼ ਅਕਾਲੀ ਫੂਲਾ ਸਿੰਘ ਜੀ ਦੇ ਕੰਨੀਂ ਪਈ ਤਾਂ ਉਨ੍ਹਾਂ ਨੇ ਕੀਰਤਨ ਵਿਚ ਵਿਘਨ ਪੈਂਦਾ ਦੇਖ ਕੇ ਦੋ ਤਿੰਨ ਸਿੰਘ ਬਾਹਰ ਵਾਲਿਆਂ (ਮੁਸਲਮਾਨਾਂ) ਨੂੰ ਸਮਝਾਉਣ ਲਈ ਭੇਜੇ। ਇਨ੍ਹਾਂ ਸਿੰਘਾਂ ਨੇ ਪਿਆਰ ਨਾਲ ਉਹਨਾਂ ਨੂੰ ਸਮਝਾਇਆ ਕਿ ਕਥਾ ਕੀਰਤਨ ਦੇ ਚੱਲਦਿਆ ਰੌਲਾ ਪਾਉਣ ਨਾਲ ਗੁਰਬਾਣੀ ਦੀ ਬੇਅਦਬੀ ਹੁੰਦੀ ਹੈ, ਸੋ ਤੁਸੀਂ ਅੱਗੇ ਚਲੇ ਜਾਉ ਤੇ ਸ਼੍ਰੀ ਦਰਬਾਰ ਸਾਹਿਬ ਅੱਗੇ ਰੌਲਾ ਨਾ ਪਾਉ। ਪਰ ਇਸ ਗੱਲ ਨੂੰ ਮੰਨਣ ਦੀ ਥਾਂ ਜੋਸ਼ ਵਿਚ ਅੰਨ੍ਹੇ ਹੋਏ ਮੁਸਲਮਾਨ ਸਿਪਾਹਆਂ ਨੇ ਸਿਘਾਂ ਨੂੰ ਕੌੜੇ ਸ਼ਬਦ ਬੋਲੇ ਤੇ ਅੱਗੇ ਜਾਣ ਤੋਂ ਵੀ ਇਨਕਾਰੀ ਹੋ ਗਏ। ਇਸ ਨੂੰ ਸਹਾਰਨਾ ਸਿੰਘਾਂ ਲਈ ਔਖਾ ਹੋ ਗਿਆ। ਉਹਨਾਂ ਨੂੰ ਖਾਲਸਾ ਰਾਜ ਵਿਚ ਹੀ ਆਪਣੇ ਪਾਵਨ ਤਖ਼ਤ ਦੀ ਹੱਤਕ ਹੁੰਦੀ ਜਾਪੀ। ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਰੌਲੇ ਗੌਲੇ ਵਿਚ ਇੱਕ ਸਿੰਘ ਦੀ ਦਸਤਾਰ ਹੇਠਾਂ ਡਿੱਗ ਪਈ। ਜਦੋਂ ਇਹ ਖਬਰ ਅਕਾਲੀ ਫੂਲਾ ਸਿੰਘ ਜੀ ਪਾਸ ਪੁੱਜੀ ਤਾਂ ਉਹ ਰੋਹ ਵਿਚ ਆ ਗਏ ਤੇ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਗਏ। ਬੱਸ ਫੇਰ ਕੀ ਸੀ ਝੜਪ ਖ਼ੂਨੀ ਲੜਾਈ ਤੱਕ ਪੁੱਜ ਗਈ। ਜਦੋਂ ਮੁਸਲਮਾਨ ਸਿਪਾਹੀਆਂ ਹੱਥੋਂ ਇੱਕ ਸਿੰਘ ਦੀ ਦਸਤਾਰ ਉਤਾਰੇ ਜਾਣ ਮਹਾਰਾਜੇ ਨੂੰ ਪਤਾ ਲੱਗਾ ਤਾਂ ਉਸ ਨੂੰ ਵੀ ਬਹੁਤ ਗੁੱਸਾ ਆਇਆ, ਪਰ ਉਹ ਘਰ ਆਏ ਮਹਿਮਾਨਾਂ ਦੀ ਬਹੁਤ ਇੱਜ਼ਤ ਕਰਦੇ ਸਨ। ਸੋ ਉਹ ਅਕਾਲੀ ਜੀ ਨੂੰ ਸਮਝਾਉਣ ਲਈ ਘਟਨਾਂ ਵਾਲੀ ਥਾਂ ਤੇ ਪਹੁੰਚ ਗਏ।ਮਹਾਰਾਜੇ ਨੇ ਅਕਾਲੀ ਜੀ ਨੂੰ ਕਿਹਾ ਕਿ ਇਸ ਗੱਲ ਦਾ ਮੈਨੂੰ ਵੀ ਬਹੁਤ ਰੋਸ ਹੈ ਪਰ ਇਹ ਆਪਣੇ ਮਹਿਮਾਨ ਹਨ, ਇਹਨਾਂ ਨਾਲ ਲੜਨਾ ਯੋਗ ਨਹੀਂ।ਮਹਾਰਾਜੇ ਨੇ ਮਿਟਕਾਫ ਨੂੰ ਵੱਖ ਲਿਜਾ ਕੇ ਦੱਸਿਆ ਕਿ ਇਹ ਅਕਾਲੀ ਇਸ ਪਵਿੱਤਰ ਨਗਰੀ ਦੇ ਰਾਖੇ ਹਨ ਤੇ ਇਹ ਲੋਕ ਕਿਸੇ ਦੀ ਪਾਬੰਦੀ ਜਾਂ ਕੈਦ ਤੋਂ ਸੁਤੰਤਰ ਹਨ। ਦੂਜਾ ਸਾਡੇ ਧਰਮ ਵਿਚ ਦਸਤਾਰ ਨੂੰ ਬਹੁਤ ਉੱਚੀ ਥਾਂ ਪ੍ਰਾਪਤ ਹੈ, ਦਸਤਾਰ ਦੀ ਬੇਅਦਬੀ ਕੇਸਾਂ ਦੀ ਬੇਅਦਬੀ ਸਮਝੀ ਜਾਂਦੀ ਹੈ, ਜੋ ਸਿਖ ਕਦੇ ਵੀ ਸਹਾਰ ਨਹੀਂ ਸਕਦੇ (ਅਕਾਲ ਪੁਰਖ ਸਾਡੇ ਅੱਜ ਕੱਲ ਦੇ ਅਕਾਲੀਆਂ ਨੂੰ ਸੁਮੱਤ ਬਖ਼ਸ਼ੇ ਤਾਂ ਜੋ ਉਹ ਆਪਸ ਵਿਚ ਲੜ ਕੇ ਇੱਕ ਦੂਜੇ ਦੀਆਂ ਦਸਤਾਰਾਂ ਮਿੱਟੀ ਵਿਚ ਰੋਲਣੋ ਹਟ ਜਾਣ।ਸਮਝ ਨਹੀਂ ਆਉਂਦੀ ਕਿ ਇੱਕ ਪਾਸੇ ਤਾਂ ਫਰਾਂਸ ਵਿਚ ਦਸਤਾਰ (ਧਾਰਮਿਕ ਚਿੰਨਾਂ) ਤੇ ਲੱਗੀ ਪਾਬੰਦੀ ਨੂੰ ਹਟਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਵਿਚ ਦਸਤਾਰਾਂ ਨੂੰ ਇੰਜ ਰੋਲਿਆ ਜਾ ਰਿਹਾ ਹੈ।)। ਇੱਥੇ ਇਹਨਾਂ ਦੀ ਮਰਜ਼ੀ ਦੇ ਵਿਰੁੱਧ ਚੱਲਣਾ ਨਾਮੁਮਕਿਨ ਹੈ। ਇਹ ਲੋਕ ਗੁਰੂ ਦੇ ਚਮਨ ਦੀ ਰੱਖਿਆ ਲਈ ਹਰ ਵਖਤ ਆਪਣਾ ਸੀਸ ਤਲੀ ਤੇ ਰੱਖ ਤੁਰੇ ਫਿਰਦੇ ਨੇ। ਮਿਸਟਰ ਮਿਟਕਾਫ ਨੂੰ ਸਮਝਾ ਕੇ ਗੱਲ ਪਿਆਰ ਨਾਲ ਨਜਿੱਠੀ ਗਈ। ਉਦੋਂ ਤੋਂ ਇਹ ਨਿਯਮ ਬਣ ਗਿਆ ਕਿ ਤਾਜ਼ੀਏ ਸ਼੍ਰੀ ਦਰਬਾਰ ਸਾਹਿਬ ਤੋਂ ਦੋ-ਤਿੰਨ ਬਜ਼ਾਰਾਂ ਦੀ ਦੂਰੀ ਤੋਂ, ਜੋ ਰਸਤਾ ਉਨ੍ਹਾਂ ਲਈ ਮੁਕੱਰਰ ਹੋ ਚੁੱਕਾ ਹੈ, ਲੰਘਣਗੇ। ਅਗਲੇ ਦਿਨ ਮਿਟਕਾਫ ਮਹਾਰਾਜਾ ਸਾਹਿਬ ਨਾਲ ਨਿਹੰਗਾਂ ਦੀ ਛਾਉਣੀ ਵਿਖੇ ਆਇਆ ਤੇ ਅਕਾਲੀ ਫੂਲਾ ਸਿੰਘ ਨਾਲ ਬੜੇ ਚਿਰ ਤੱਕ ਗੱਲਾਂ ਕਰਦਾ ਰਿਹਾ। ਉਸ ਨੇ ਅਕਾਲੀਆਂ ਦੀ ਨਿਰਭੈਤਾ ਦੀ ਬਹੁਤ ਤਾਰੀਫ ਕੀਤੀ। ਜਾਂਦੇ ਹੋਏ ਉਸ ਨੇ ਕੁਝ ਮੋਹਰਾਂ ਅਕਾਲੀ ਜੀ ਨੂੰ ਭੇਂਟ ਕਰਨੀਆਂ ਚਾਹੀਆਂ ਪਰ ਅਕਾਲੀ ਜੀ ਨੇ ਇਨਕਾਰ ਕਰ ਦਿੱਤਾ। ਪਿੱਛੋਂ ਮਹਾਰਾਜੇ ਦੇ ਕਹਿਣ ਤੇ ਜੱਥੇ ਦੇ ਲੰਗਰ ਲਈ ਕੁਝ ਰਸਦ ਪ੍ਰਵਾਨ ਕਰ ਲਈ ਗਈ।

1809 ਈ. ਵਿਚ ਅਕਾਲੀ ਫੂਲਾ ਸਿੰਘ ਜੀ ਕੁਝ ਸਿੰਘਾਂ ਦੇ ਜੱਥੇ ਨਾਲ ਦਮਦਮਾ ਸਾਹਿਬ ਆ ਗਏ। ਇੱਥੇ ਅਜੇ ਦੋ ਕੁ ਮਹੀਨੇ ਹੀ ਬੀਤੇ ਸਨ ਕਿ ਫਿਰੰਗੀਆਂ ਨਾਲ ਝੜਪ ਹੋ ਗਈ। ਇਸ ਵਿਚ ਕਪਤਾਨ ਵਾਈਟ ਦੇ 6 ਸਿਪਾਹੀ ਮਾਰੇ ਗਏ ਤੇ 19 ਫੱਟੜ ਹੋ ਗਏ।(ਕੁਝ ਇਤਿਹਾਸਕਾਰਾਂ ਨੇ ਇਸ ਝੜਪ ਦਾ ਕਾਰਨ ਇਕ ਅਫਵਾਹ ਨੂੰ ਦੱਸਿਆ ਹੈ ਜੋ ਠੀਕ ਨਹੀਂ, ਅਸਲ ਵਿਚ ਇਸ ਦਾ ਮੁਖ ਕਾਰਨ ਸੀ ਅੰਗਰੇਜ਼ ਸਿਪਾਹੀਆਂ ਦਾ ਇਲਾਕੇ ਦੇ ਲੋਕਾਂ ਨਾਲ ਅਯੋਗ ਵਰਤਾਵਾ।) ਸਰਕਾਰ ਅੰਗਰੇਜ਼ੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਬੜਾ ਯਤਨ ਕੀਤਾ ਕਿ ਇਸ ਹੱਲੇ ਦੇ ਆਗੂ ਅਕਾਲੀ ਫੂਲਾ ਸਿੰਘ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਵੇ ਪਰ ਉਹ ਇਸ ਵਿਚ ਸਫਲ ਨਾ ਹੋਏ।

ਸ਼੍ਰੀ ਅਨੰਦਪੁਰ ਸਾਹਿਬ ਜਾਣਾ:- ਅਕਾਲੀ ਫੂਲਾ ਸਿੰਘ ਜੀ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਕੁਝ ਗੱਲਾਂ ਤੇ ਮਤਭੇਦ ਹੋ ਗਏ।(ਕੁਝ ਲੇਖਕਾਂ ਨੇ ਇਸ ਨੂੰ ਅਕਾਲੀ ਜੀ ਦੀ ਬਗਾਵਤ ਦੱਸਿਆ ਹੈ, ਪਰ ਇਹ ਸੱਚ ਨਹੀਂ) ਇਸ ਮਤਭੇਦ ਦੇ ਕੁਝ ਮੁੱਖ ਕਾਰਨ ਹੇਠ ਲਿਖੇ ਸਨ,

1. ਮਹਾਰਾਜਾ ਰਣਜੀਤ ਸਿੰਘ ਦੁਆਰਾ ਡੋਗਰਿਆਂ ਨੂੰ ਜਿੰਮੇਵਾਰੀਆਂ ਦੇ ਅਹੁਦੇ ਦੇਣਾ।

2. ਮਿਸ਼ਰ ਗੰਗਾ ਰਾਮ ਦੀਆਂ ਮਨ ਭਾਉਂਦੀਆਂ ਕਾਰਵਾਈਆਂ, ਤੇ ਆਪਣੇ ਸਾਕ ਸਬੰਧੀਆਂ ਨੂੰ ਦਰਬਾਰ ਵਿਚ ਭਰਤੀ ਕਰਦੇ ਜਾਣਾ।

3. ਇਹਨਾਂ ਲੋਕਾਂ ਦਾ ਸ਼ਹਿਜਾਦਾ ਖੜਕ ਸਿੰਘ ਤੇ ਮਹਾਰਾਜੇ ਵਿਚ ਫੁੱਟ ਪਵਾਉਣ ਦਾ ਯਤਨ ਕਰਦੇ ਰਹਿਣਾ।

ਇਹ ਉੱਪਰ ਦੱਸੀਆਂ ਗੱਲਾਂ ਅਕਾਲੀ ਜੀ ਨੂੰ ਖਾਲਸਾ ਰਾਜ ਦੀ ਸਥਿਰਤਾ ਦੇ ਰਾਹ ਵਿਚ ਰੁਕਾਵਟ ਲੱਗੀਆਂ। ਇਸ ਖ਼ਤਰੇ ਨੂੰ ਅਨੁਭਵ ਕਰਦਿਆਂ ਆਪ ਮਹਾਰਾਜੇ ਨੂੰ ਮਿਲਣ ਲਈ ਲਾਹੌਰ ਪਹੁੰਚ ਗਏ। ਇੱਧਰ ਜਦੋਂ ਡੋਗਰਿਆਂ ਨੂੰ ਅਕਾਲੀ ਜੀ ਦੇ ਮਹਾਰਾਜੇ ਨੂੰ ਮਿਲਣ ਆਉਣ ਦੀ ਖ਼ਬਰ ਪਹੁੰਚੀ ਤਾਂ ਉਹਨਾਂ ਨੇ ਕਈ ਐਸੀਆਂ ਚਾਲਾਂ ਚੱਲੀਆਂ ਕਿ ਕਈ ਦਿਨਾਂ ਤੱਕ ਅਕਾਲੀ ਜੀ ਮਹਾਰਾਜੇ ਨੂੰ ਨਾ ਮਿਲ ਸਕੇ। ਅੰਤ ਇੱਕ ਦਿਨ ਅੱਕ ਕੇ ਅਕਾਲੀ ਜੀ ਧੱਕੇ ਨਾਲ ਕਿਲ੍ਹੇ ਵਿਚ ਵੜ ਗਏ ਤੇ ਮਹਾਰਾਜੇ ਨੂੰ ਜਾ ਫਤਹਿ ਬੁਲਾਈ। ਅੱਗੋਂ ਮਹਾਰਾਜਾ ਸਾਹਿਬ ਬੜੇ ਪਿਆਰ ਨਾਲ ਮਿਲੇ ਤੇ ਅਕਾਲੀ ਜੀ ਲਈ ਪ੍ਰਸ਼ਾਦਾ ਮੰਗਵਾਇਆ ਪਰ ਅੱਗੋਂ ਅਕਾਲੀ ਜੀ ਨੇ ਜਵਾਬ ਦਿੱਤਾ, ਸਿੰਘ ਸਾਹਿਬ ਜੀ, ਆਪ ਖਾਲਸਾ ਰਾਜ ਵਿਚ ਅਨਮਤੀਆਂ ਨੂੰ ਅਹੁਦੇ ਦੇ ਕੇ ਨੀਤੀ ਦੇ ਵਿਰੁੱਧ ਕੰਮ ਕਰ ਰਹੇ ਹੋ ਤੇ ਭਵਿੱਖ ਦੇ ਰਾਹ ਵਿਚ ਟੋਏ ਪੱਟ ਰਹੇ ਹੋ, ਇਹ ਸਭ ਖਾਲਸਾ ਰਾਜ ਦੇ ਹਿੱਤ ਵਿਚ ਨਹੀਂ। ਤੁਹਾਨੂੰ ਸ਼੍ਰੀ ਕਲਗੀਧਰ ਨੇ ਪੰਥ ਦੇ ਬਾਗ ਦਾ ਮਾਲੀ ਥਾਪਿਆ ਹੇ ਤੇ ਤੁਸੀ ਇਸ ਬਾਗ ਦੀ ਰਖਵਾਲੀ ਕਾਂਵਾਂ (ਡੋਗਰਿਆਂ) ਤੋਂ ਕਰਵਾ ਰਹੇ ਹੋ।ਜੇਕਰ ਆਪ ਇਸ ਤਰੀਕੇ ਨੂੰ ਨਹੀਂ ਬਦਲੋਗੇ ਤਾਂ ਸਾਡੀ ਆਖਰੀ ਫਤਹਿ ਪ੍ਰਵਾਨ ਕਰੋ, ਅੱਗੋਂ ਤੁਸੀ ਜਾਣੋ ਤੇ ਤੁਹਾਡਾ ਕੰਮ। ਮਹਾਰਾਜੇ ਨੇ ਅਕਾਲੀ ਜੀ ਦੀਆਂ ਸਭ ਗੱਲਾਂ ਨੂੰ ਠੰਡੇ ਮਨ ਨਾਲ ਸੁਣਿਆਂ, ਪਰ ਇਹਨਾਂ ਨੁੰ ਅਮਲ ਵਿਚ ਲਿਆਉਣ ਲਈ ਅਕਾਲੀ ਜੀ ਨੂੰ ਮਹਾਰਾਜਾ ਕੁਝ ਢਿੱਲਾ ਜਾਪਿਆ। ਸੋ ਅਕਾਲੀ ਫੂਲਾ ਸਿੰਘ ਜੀ ਬਿਨਾ ਅੰਨ ਪਾਣੀ ਛਕੇ ਚਲੇ ਗਏ ਤੇ ਲਾਹੌਰ ਨੂੰ ਕੂਚ ਕਰ ਦਿੱਤਾ। ਅਗਲੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਤੇ ਇਸੇ ਦਿਨ ਅਨੰਦਪੁਰ ਸਾਹਿਬ ਜਾਣ ਦੀ ਤਿਆਰੀ ਕਰ ਦਿੱਤੀ।

ਅਕਾਲੀ ਜੀ ਦੇ ਅਨੰਦਪੁਰ ਸਾਹਿਬ ਜਾਣ ਪਿੱਛੋਂ ਖਾਲਸਾ ਰਾਜ ਵਿਚ ਥੋੜੀ ਸੁੰਨ ਪਸਰ ਗਈ। ਗ਼ੱਦਾਰ ਤੇ ਸ਼ਾਤਰ ਲੋਕ, ਜੋ ਸਿਰਫ ਨਿੱਜੀ ਹਿੱਤਾਂ ਤੱਕ ਸੀਮਿਤ ਸਨ ਤੇ ਪੰਥ ਦੀ ਚੜ੍ਹਦੀ ਕਲਾ ਵੇਖ ਕੇ ਸੁਖਾਦੇ ਨਹੀਂ ਸਨ, ਕੱਛਾਂ ਵਜਾਉਣ ਲੱਗੇ। ਪਰ ਦਿਲ ਵਿਚ ਪੰਥ ਦਾ ਦਰਦ ਰੱਖਣ ਵਾਲੀ ਸਿਖ ਸੰਗਤ ਨੂੰ ਛੇਤੀ ਹੀ ਅਕਾਲੀ ਫੂਲਾ ਸਿੰਘ ਜੀ ਦੀ ਘਾਟ ਰੜਕਣ ਲੱਗੀ।

(ਡੋਗਰਿਆਂ ਦੀ ਬੁਰਛਾਗਰਦੀ ਤੋਂ ਇਕੱਲੇ ਅਕਾਲੀ ਜੀ ਹੀ ਨਿਰਾਸ਼ ਨਹੀਂ ਸਨ ਸਗੋਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਤੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਵੀ ਦਿਲੋਂ ਬਹੁਤ ਦੁਖੀ ਸਨ। ਸਰਦਾਰ ਸ਼ਾਮ ਸਿੰਘ ਅਟਾਰੀ ਤਾਂ ਇੱਕ ਵਾਰ ਖਾਲਸਾ ਰਾਜ ਵਿਚ ਬਾਹਮਣਾ, ਡੋਗਰਿਆਂ ਦਾ ਵਧਦਾ ਪ੍ਰਭਾਵ ਵੇਖ ਕੇ ਘਰ ਬੈਠ ਗਏ ਸਨ ਪਰ ਅੰਦਰ ਰੋਹ ਬਹੁਤ ਸੀ ਤੇ ਖਾਲਸਾ ਰਾਜ ਦੀ ਢਹਿੰਦੀ ਕਲਾ ਵੀ ਨਹੀਂ ਦੇਖ ਸਕਦੇ ਸਨ। ਸੋ ਮਹਾਰਾਜੇ ਦੀ ਮੌਤ ਤੋਂ ਬਾਅਦ ਸਿਖ ਰਾਜ ਦੀ ਅੰਤਿਮ ਵੱਡੀ ਲੜਾਈ ਵਿਚ ਉਹ ਏਨੀ ਬਹਾਦਰੀ ਤੇ ਜੋਸ਼ ਨਾਲ ਲੜੇ ਕਿ ਦੁਨੀਆਂ ਇਸ ਬੁੱਢੇ ਜਰਨੈਲ ਨੂੰ ਦੇਖ ਕੇ ਦੰਗ ਰਹਿ ਗਈ।ਆਪਣਿਆਂ ਦੇ ਨਾਲ ਨਾਲ ਬੇਗਾਨਿਆਂ ਨੇ ਵੀ ਸਰਦਾਰ ਦੀ ਸ਼ਹੀਦੀ ਤੇ ਅੱਥਰੂ ਵਹਾਏ। ਪੰਜਾਬ ਧਾਂਹਾਂ ਮਾਰ ਕੇ ਰੋਇਆ ਜਿਵੇਂ ਪੁੱਤਰ ਦੀ ਮੌਤ ਤੇ ਮਾਂ ਧਾਂਹਾਂ ਮਾਰਦੀ ਹੈ। ਇੱਥੇ ਇਹ ਵਾਰਤਾ ਸੁਣਾਉਣ ਦਾ ਮਕਸਦ ਸਿਰਫ ਏਨਾ ਹੈ ਕਿ ਕੋਈ ਵੀ ਸਿਖ ਜਰਨੈਲ, ਜੋ ਭਾਵੇਂ ਗ਼ਦਾਰਾਂ ਤੇ ਬਹੁਤ ਦੁਖੀ ਸੀ, ਖਾਲਸਾ ਰਾਜ ਨੂੰ ਨਿਘਾਰ ਵੱਲ ਜਾਂਦਾ ਨਹੀਂ ਦੇਖ ਸਕਦਾ ਸੀ, ਵਾਪਸ ਪਰਤ ਕੇ ਫੇਰ ਡਟ ਜਾਂਦਾ ਸੀ ਤੇ ਦੁਸ਼ਮਨਾਂ ਨਾਲ ਲੋਹਾ ਲੈਣ ਲਈ ਤਿਆਰ ਹੋ ਜਾਂਦਾ ਸੀ।)

ਸੋ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਸਾਹਿਬ ਸਿੰਘ ਨੂੰ ਅਕਾਲੀ ਫੂਲਾ ਸਿੰਘ ਕੋਲ ਭੇਜਿਆ ਤਾਂ ਕਿ ਉਹਨਾਂ ਨੂੰ ਵਾਪਸ ਲਿਆਂਦਾ ਜਾ ਸਕੇ। ਅਕਾਲੀ ਜੀ ਦਾ ਕਿਸੇ ਨਾਲ ਕੋਈ ਜ਼ਾਤੀ ਵੈਰ ਤਾਂ ਹੈ ਹੀ ਨਹੀਂ ਸੀ, ਸੋ ਬਾਬਾ ਜੀ ਦੇ ਕਹਿਣ ਤੇ ਉਹ ਆਪਣੇ ਜੱਥੇ ਸਮੇਤ ਵਾਪਸ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਅਕਾਲੀ ਜੀ ਦੀ ਵਾਪਸੀ ਤੇ ਹਜ਼ਾਰਾਂ ਲੋਕ ਆਪ ਦੇ ਦਰਸ਼ਨਾਂ ਨੂੰ ਆਏ। ਇਸ ਸਮੇਂ ਆਪ ਦੇ ਜੱਥੇ ਵਿਚ 3000 ਤੋਂ ਵੱਧ ਤਿਆਰ ਬਰ ਤਿਆਰ ਜਵਾਨ ਸਨ, ਜਿਨ੍ਹਾਂ ਵਿੱਚੋਂ 1200 ਘੋੜ ਸਵਾਰ ਸਨ।

ਇਸ ਤੋਂ ਪਿੱਛੋਂ ਅਕਾਲੀ ਜੀ ਨੇ ਮਹਾਰਾਜੇ ਨਾਲ ਸੰਨ 1816 ਨੂੰ ਮੁਲਤਾਨ, ਭਾਵਲਪੁਰ ਤੇ ਸਿੰਧ ਤੇ ਚੜ੍ਹਾਈ ਕੀਤੀ। ਅਕਾਲੀ ਜੀ ਨੇ ਆਪਣੇ ਜੱਥੇ ਸਮੇਤ ਮੀਰ ਹਾਫਿਜ਼ ਅਹਿਮਦ ਖ਼ਾਨ ਤੇ ਹੱਲਾ ਕੀਤਾ। ਸਿੰਘਾਂ ਨੂੰ ਕਿਹਾ ਕਿ ਪੌੜੀਆਂ ਲਾ ਕੇ ਕਿਲੇ ਦੇ ਅੰਦਰ ਟੱਪ ਜਾਵੋ ਤੇ ਜਾਂਦਿਆਂ ਹੀ ਕਿਲੇ ਦੇ ਦਰਵਾਜੇ ਖੋਲ ਦਿਉ, ਅਸੀਂ ਅੱਖ ਦੇ ਫੇਰ ਨਾਲ ਤੁਹਾਡੇ ਕੋਲ ਪਹੁੰਚ ਜਾਵਾਂਗੇ। ਹੁਕਮ ਦੀ ਤਾਮੀਲ ਹੋਈ। ਸਿੰਘ ਪੌੜੀਆਂ ਲਾ ਕੇ ਕਿਲੇ ਉੱਤੇ ਚੜ੍ਹ ਗਏ, ਅੱਗੋਂ ਅੰਦਰਲੀਆਂ ਫੌਜਾਂ ਨੇ ਜਦ ਇਨ੍ਹਾਂ ਅਕਾਲੀਆਂ ਦੀ ਨਿਰਾਲੀ ਪੁਸ਼ਾਕ ਦੇਖੀ, ਜੋ ਸਰਬ ਲੋਹ ਨਾਲ ਸਜੇ ਹੋਏ ਸਨ,(ਤੇ ਇਹ ਸਭ ਕੁਝ ਬੇਲੋੜੀ ਸ਼ਰਧਾ ਦਾ ਪ੍ਰਤੀਕ ਨਹੀਂ ਸੀ ਜਿਵੇ ਕਿ ਅੱਜ ਕੱਲ ਦੇ ਕੁਝ ਵਿਦਵਾਨਾਂ ਨੂੰ ਭਰਮ ਹੈ) ਵਿਸ਼ੇਸ਼ ਕਰ ਕੇ ਉਹਨਾਂ ਦੇ ਦੁਮਾਲਿਆਂ ਦੇ ਚੱਕਰ ਤੇ ਤੋੜੇ ਜੋ ਬਿਜਲੀ ਵਾਂਗ ਚਮਕ ਰਹੇ ਸਨ ਤਾਂ ਉਹ ਡ੍ਹਾਢੇ ਘਬਰਾਏ ਤੇ ਜਿੱਧਰ ਕਿਸੇ ਨੂੰ ਰਸਤਾ ਮਿਲਿਆ ਭੱਜ ਗਏ। ਇਸ ਲੜਾਈ ਵਿਚ ਖਾਲਸਾ ਦਲ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਇਸ ਤੋਂ ਪਿੱਛੋਂ ਮੁਲਤਾਨ ਤੇ ਚੜ੍ਹਾਈ ਕੀਤੀ ਗਈ। ਖ਼ਾਨਗੜ੍ਹ ਤੇ ਮੁਜ਼ਫਰਗੜ੍ਹ ਦੇ ਕਿਲੇ ਜਿੱਤ ਕੇ ਖਾਲਸਾ ਫੌਜਾਂ ਮੁਲਤਾਨ ਦੇ ਕਿਲੇ ਵੱਲ ਵਧੀਆਂ, ਇਸ ਕਿਲੇ ਦੀ ਪਕਿਆਈ ਕਰਕੇ ਕਈ ਇਤਿਹਾਸਕਾਰਾਂ ਨੇ ਇਸ ਨੂੰ ਅਜਿੱਤ ਲਿਖਿਆ ਹੈ ਤੇ ਸਚਮੁੱਚ ਤਿੰਨ ਮਹੀਨੇ ਤੱਕ ਇਹ ਖਾਲਸਾ ਫੌਜਾਂ ਤੋਂ ਵੀ ਅਜਿੱਤ ਰਿਹਾ। ਹਾਲਾਤ ਹੱਥੋਂ ਬਾਹਰ ਹੁੰਦੇ ਦੇਖ ਕੇ ਮਹਾਰਾਜੇ ਨੇ ਅਕਾਲੀ ਫੂਲਾ ਸਿੰਘ (ਜੋ ਉਸ ਵੇਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਨ) ਨਾਲ ਗੱਲ ਕੀਤੀ। ਮਹਾਰਾਜੇ ਦਾ ਉਦਾਸ ਚਿਹਰਾ ਵੇਖ ਕੇ ਅਕਾਲੀ ਜੀ ਨੇ ਥੋੜੀ ਖ਼ਰਵੀ ਭਾਸ਼ਾ ਵਿਚ ਕਿਹਾ, ਪਹਿਲਾਂ ਕਿਉਂ ਨਹੀਂ ਦੱਸਿਆ, ਕਿਉਂ ਖਾਲਸਾ ਦਲਾਂ ਨੂੰ ਏਨੀਆਂ ਔਕੜਾਂ ਵਿਚ ਫਸਾਇਆ ਏ, ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਨੂੰ ਸੰਗਮਰਮਰ ਦਾ ਫਰਸ਼ ਲੁਆਉਣ ਦਾ ਅਰਦਾਸਾ ਸੁਧਾਓ ਤਾਂ ਅੱਜ ਹੀ ਫੌਜਾਂ ਰਣਤੱਤੇ ਵਲ ਜਾਣ ਨੂੰ ਤਿਆਰ ਹਨ, ਜੇ ਗੁਰੂ ਨੂੰ ਭਾਇਆ ਤਾਂ ਖਾਲਸਈ ਨਿਸ਼ਾਨ ਮੁਲਤਾਨ ਕਿਲੇ ਤੇ ਗੱਡ ਕੇ ਆਵਾਂਗੇ। ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਜੀ ਨੂੰ ਗਲ਼ ਨਾਲ ਲਾ ਲਿਆ ਤੇ ਕਹਿਣ ਲੱਗੇ ਕਿ ਪ੍ਰਕਰਮਾਂ ਦੀ ਇਹ ਸੇਵਾ ਮੈਂ ਆਪਣੇ ਧੰਨਭਾਗ ਜਾਣ ਕੇ ਕਰਾਂਗਾ। ਉਸੇ ਸਮੇਂ ਨਿਹੰਗਾਂ ਦੀ ਛਉਣੀ ਵਿਚ ਧੌਂਸੇ ਨੂੰ ਚੋਟ ਲਾਈ ਗਈ ਤੇ ਕੂਚ ਦਾ ਅਰਦਾਸਾ ਸੋਧ ਕੇ ਅਕਾਲੀ ਫੂਲਾ ਸਿੰਘ ਨੇ 500 ਸਿਰ ਕੱਢਵੇਂ ਨਿਹੰਗ ਸਿੰਘਾਂ ਤੇ ਜ਼ਮਜ਼ਮਾ(ਭੰਗੀਆਂ ਦੀ ਤੋਪ ਜਿਸ ਨੂੰ ਅਕਾਲੀ ਜੀ ਦਾ ਜੱਥਾ ਹੀ ਪੂਰੀ ਨਿਪੁੰਨਤਾ ਨਾਲ ਚਲਾ ਸਕਦਾ ਸੀ) ਸਮੇਤ ਮੁਲਤਾਨ ਵੱਲ ਚੜ੍ਹਾਈ ਕਰ ਦਿੱਤੀ। ਸਾਹਿਬਜ਼ਾਦਾ ਖੜਕ ਸਿੰਘ ਨੂੰ ਜਦ ਬਾਬਾ ਫੂਲਾ ਸਿੰਘ ਦੇ ਪਹੁੰਚਣ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਕਈ ਨਾਮੀ ਸਰਦਾਰਾਂ ਨੂੰ ਨਾਲ ਲੈ ਕੇ ਅਕਾਲੀ ਜੀ ਦੀ ਅਗਵਾਈ ਕੀਤੀ। ਅਕਾਲੀ ਜੀ ਨੇ ਜੰਗ ਸਬੰਧੀ ਕਈ ਗੱਲਾਂ ਖੜਕ ਸਿੰਘ ਤੋਂ ਪੁੱਛੀਆਂ। ਇੱਥੋਂ ਹੀ ਸਿੱਧੇ ਅਕਾਲੀ ਜੀ ਮੈਦਾਨੇ ਜੰਗ ਵੱਲ ਵਧੇ। ਖੜਕ ਸਿੰਘ ਨੇ ਬਹੁਤ ਜੋਰ ਲਾਇਆ ਕਿ ਅੱਜ ਦਾ ਦਿਨ ਆਰਾਮ ਕਰੋ, ਕੱਲ ਨੂੰ ਮਿਲ ਕੇ ਕਿਲ੍ਹੇ ਤੇ ਧਾਵਾ ਕਰਾਂਗੇ, ਪਰ ਅਕਾਲੀ ਜੀ ਨੇ ਅੱਗੋਂ ਕਿਹਾ, ਜੇ ਅਕਾਲ ਪੁਰਖ ਨੇ ਮਿਹਰ ਕੀਤੀ ਤਾਂ ਹੁਣ ਆਰਾਮ ਕਿਲ੍ਹਾ ਫਤਹਿ ਕਰਨ ਤੋਂ ਬਾਅਦ ਇੱਕੇ ਵਾਰੀ ਹੀ ਕਰਾਂਗੇ। ਅਕਾਲੀ ਸਿੰਘਾਂ ਦੇ ਅਕਾਲ ਅਕਾਲ ਦੇ ਜੈਕਾਰਿਆਂ ਨਾਲ ਆਕਾਸ਼ ਕੜਕ ਉੱਠਿਆ ਤੇ ਅੱਖ ਦੇ ਫੋਰ ਵਿਚ ਅਕਾਲੀ ਫੂਲਾ ਸਿੰਘ ਨੇ ਇੱਕ ਐਸਾ ਉੱਡਦਾ ਹੱਲਾ ਕੀਤਾ ਕਿ ਦੇਖਦੇ ਦੇਖਦੇ ਹੀ ਇਹ ਬਹਾਦਰ ਸੂਰਮਾ ਕਿਲ੍ਹੇ ਵਿਚ ਵੜ੍ਹ ਗਿਆ ਤੇ ਜਾਂਦੇ ਹੀ ਨਵਾਬ ਮੁਜ਼ੱਫਰ ਖ਼ਾਨ ਦੇ ਗਲ ਜਾ ਪਿਆ। ਹੁਣ ਬਾਕੀ ਜੀ ਦਾ ਸਾਰਾ ਜੱਥਾ ਵੀ ਅਕਾਲੀ ਜੀ ਦੇ ਪਿੱਛੇ ਕਿਲ੍ਹੇ ਵਿਚ ਆ ਵੜਿਆ ਤੇ ਗ਼ਾਜ਼ੀਆਂ ਨਾਲ ਜੁਟ ਪਿਆ। ਇਸ ਸਮੇਂ ਨਵਾਬ ਮੁਜ਼ੱਫਰ ਖ਼ਾਨ ਤੇ ਅਕਾਲੀ ਫੂਲਾ ਸਿੰਘ ਜੀ ਕਈ ਵਾਰ ਆਹਮੋ ਸਾਹਮਣੇ ਹੋਏ ਤੇ ਇੱਕ ਦੂਜੇ ਤੇ ਵਾਰ ਕੀਤੇ। ਅੰਤ ਅਕਾਲੀ ਜੀ ਦੇ ਇੱਕ ਪਲਟਵੇਂ ਵਾਰ ਨਾਲ ਮੁਜ਼ੱਫਰ ਖ਼ਾਨ ਧਰਤੀ ਤੇ ਢੇਰੀ ਹੋ ਗਿਆ।ਨਵਾਬ ਦੇ ਵੱਡੇ ਪੁੱਤਰ ਸ਼ਾਹਨਿਵਾਜ਼ ਖ਼ਾਨ ਨੇ ਬਾਬਾ ਫੂਲਾ ਸਿੰਘ ਤੇ ਇਕ ਸਖਤ ਵਾਰ ਕੀਤਾ ਜਿਸ ਨਾਲ ਅਕਾਲੀ ਜੀ ਨੂੰ ਤਕੜਾ ਜ਼ਖਮ ਲੱਗਾ। ਉਸੇ ਵਖਤ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਸਰਦਾਰ ਧੰਨਾ ਸਿੰਘ ਮਲਵਈ ਆ ਪਹੁੰਚੇ ਤੇ ਉਨ੍ਹਾਂ ਨੇ ਸ਼ਾਹਨਿਵਾਜ਼ ਖ਼ਾਨ ਨੂੰ ਉੱਥੇ ਹੀ ਢੇਰੀ ਕਰ ਦਿੱਤਾ। ਕੋਲੋਂ ਇੱਕ ਹੋਰ ਗਾਜ਼ੀ ਨੇ ਸਰਦਾਰ ਸ਼ਾਮ ਸਿੰਘ ਤੇ ਵਾਰ ਕੀਤਾ ਜਿਸ ਨਾਲ ਉਹ ਕਾਫੀ ਜ਼ਖਮੀਂ ਹੋ ਗੲੁ ਤੇ ਘੋੜੇ ਤੋਂ ਡਿੱਗ ਪਏ। ਅਕਾਲੀ ਜੀ ਦੀ ਨਜ਼ਰ ਜਦ ਸਰਦਾਰ ਸ਼ਾਮ ਸਿੰਘ ਵੱਲ ਪਈ ਤਾਂ ਆਪਣੇ ਜੱਥੇ ਦੇ ਕੁਝ ਸਿੰਘਾਂ ਨੂੰ ਸਰਦਾਰ ਕੋਲ ਭੇਜਿਆ। (ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ) ਪ੍ਰਿਸਪ ਅਤੇ ਗ੍ਰਿਫਨ ਅਨੁਸਾਰ ਨਵਾਬ ਆਪਣੇ ਪੁੱਤਰਾਂ ਸਮੇਤ ਅਕਾਲੀਆਂ ਦੇ ਹੱਲੇ ਨੂੰ ਰੋਕਦਾ ਹੋਇਆ ਖਿਜ਼ਰੀ ਦਰਵਾਜ਼ੇ ਵਿਚ ਹੀ ਮਾਰਿਆ ਗਿਆ। ਉਨ੍ਹਾਂ ਦੀਆਂ ਲੋਥਾਂ ਉਸਦੇ ਭਤੀਜੇ ਦੇ ਮੰਗਣ ਤੇ ਉਸਨੂੰ ਦੇ ਦਿੱਤੀਆਂ ਗਈਆਂ ਜੋ ਉਸ ਨੇ ਬਾਵਲ ਹੱਕ ਦੇ ਮਕਬਰੇ ਵਿਚ ਦਫ਼ਨ ਕੀਤੀਆਂ।ਪਰ ਹੁਣ ਜਦੋਂ ਨਵਾਬ ਮਾਰਿਆ ਜਾ ਚੁੱਕਾ ਸੀ ਤਾਂ ਉਸ ਦੀ ਫੌਜ ਵੀ ਬਹੁਤੀ ਦੇਰ ਟਿਕ ਨਾ ਸਕੀ ਤੇ ਉਹਨਾਂ ਦੇ ਪੈਰ ਮੈਦਾਨ ਵਿਚੋਂ ਉੱਖੜ ਗਏ। ਸਿੰਘਾਂ ਨੇ ਇੱਕ ਹੋਰ ਜੋਰ ਦਾ ਹੱਲਾ ਕੀਤਾ ਤਾਂ ਨਵਾਬ ਦੀ ਫੌਜ ਮੈਦਾਨ ਵਿਚੋਂ ਭੱਜ ਗਈ।ਇਸ ਲੜਾਈ ਵਿਚ ਨਵਾਬ ਅਤੇ ਉਸ ਦੇ ਪੰਜ ਪੁੱਤਰਾਂ ਸਮੇਤ 12000 ਮੁਸਲਮਾਨ ਸਿਪਾਹੀ ਮਾਰੇ ਗਏ।ਖਾਲਸੇ ਦਾ ਨੁਕਸਾਨ ਵੀ 4000 ਸਿੰਘਾਂ ਦੇ ਲਗਭਗ ਸੀ। ਕਿਲ੍ਹੇ ਤੇ ਹੱਲਾ ਕਰਨ ਵਾਲੇ ਅਕਾਲੀ ਜੱਥੇ ਦੇ ਲਗਭਗ ਸਾਰੇ ਸਿੰਘ ਹੀ ਜ਼ਖਮੀ ਸਨ।ਕਿਲ੍ਹੇ ਦੇ ਖਜ਼ਾਨੇ ਦਾ ਕਬਜ਼ਾ ਅਕਾਲੀ ਜੀ ਨੇ ਖੜਕ ਸਿੰਘ ਦੇ ਹਵਾਲੇ ਕਰ ਦਿੱਤਾ।ਇਸ ਜਿੱਤ ਦੀ ਰਿਪੋਰਟ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਭੇਜੀ ਗਈ ਜਿਸ ਵਿਚ ਸ਼ਹਿਜਾਦੇ ਖੜਕ ਸਿੰਘ ਨੇ ਲਿਖਿਆ ਕਿ ਇਹ ਫਤਹਿ ਨਿਰੋਲ ਅਕਾਲੀ ਫੂਲਾ ਸਿੰਘ ਜੀ ਦੀ ਅਦੁੱਤੀ ਬਹਾਦਰੀ ਦਾ ਫਲ਼ ਹੈ।ਉਸੇ ਦਿਨ ਤੋਂ ਹੀ ਮਹਾਰਾਜਾ ਸਾਹਿਬ ਨੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੀ ਸੇਵਾ ਆਰੰਭ ਕਰਵਾ ਦਿੱਤੀ।ਅਕਾਲੀ ਫੂਲਾ ਸਿੰਘ ਜਦ ਸੰਗਰਾਮ ਤੋਂ ਮੁੜ ਕੇ ਡੇਰੇ ਪਹੁੰਚੇ ਤਾਂ ਆਪ ਜੀ ਦਾ ਸੱਜਾ ਹੱਥ ਦਿਨ ਭਰ ਤਲਵਾਰ ਚਲਾਉਣ ਨਾਲ ਏਨਾ ਸੁੱਜ ਗਿਆ ਕਿ ਸ਼੍ਰੀ ਸਾਹਿਬ ਦੇ ਕਬਜ਼ੇ ਵਿਚੋਂ ਬੜੀ ਔਖ ਨਾਲ ਕੱਢਿਆ ਗਿਆ। (ਕਹਿੰਦੇ ਨੇ ਸਭਰਾਵਾਂ ਦੀ ਜੰਗ ਵਿਚ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਹੱਥ ਵਿਚ ਫੜੀ ਕਿਰਪਾਨ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਵੀ ਹੱਥ ਵਿੱਚੋਂ ਛੁਡਾਈ ਨਹੀਂ ਜਾ ਸਕੀ, ਕਿਉਂ ਜੋ ਕਿਰਪਾਨ ਪੂਰੇ ਜੋਰ ਨਾਲ ਘੁੱਟ ਕੇ ਫੜੀ ਹੋਈ ਸੀ ਜਿਸ ਕਰਕੇ ਹੱਥ ਬੁਰੀ ਤਰ੍ਹਾਂ ਸੁੱਜ ਗਿਆ ਤੇ ਕਿਰਪਾਨ ਵਿਚ ਧਸ ਗਈ। ਅੰਤ ਇਸ ਕਿਰਪਾਨ ਦਾ ਸਰਦਾਰ ਦੇ ਸਰੀਰ ਦੇ ਨਾਲ ਹੀ ਸਸਕਾਰ ਕੀਤਾ ਗਿਆ।)ਮਹਾਰਾਜਾ ਸਾਹਿਬ ਨੇ ਅਕਾਲੀ ਫੂਲਾ ਸਿੰਘ ਨੂੰ ਮਿਲ ਕੇ ਬਹੁਤ ਖੁਸ਼ੀ ਪ੍ਰਗਟ ਕੀਤੀ ਤੇ ਖਾਲਸਾ ਰਾਜ ਦਾ ਰਾਖਾ ਕਹਿ ਕੇ ਸੰਬੋਧਨ ਕੀਤਾ। ਮੁਲਤਾਨ ਦੀ ਜਿੱਤ ਦਾ ਇਤਿਹਾਸ ਲਿਖਣ ਵਾਲੇ ਸਾਰੇ ਇਤਿਹਾਸਕਾਰ ਇਸ ਗੱਲ ਨੂੰ ਇੱਕ ਜ਼ਬਾਨ ਹੋ ਕੇ ਮੰਨਦੇ ਹਨ ਕਿ ਅਕਾਲੀ ਫੂਲਾ ਸਿੰਘ ਸਦਾ ਹੱਲੇ ਵਖਤ ਆਪਣੇ ਸਾਰੇ ਜੱਥੇ ਤੋਂ ਅਤਗੇ ਹੁੰਦਾ ਸੀ। ਮੇਜਰ ਸਮਾਇਥ ਕਹਿੰਦਾ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਮੁਲਤਾਨ ਨੂੰ ਮਹਾਰਾਜਾ ਰਣਜੀਤ ਸਿੰਘ ਲਈ ਐਡੀ ਛੇਤੀ ਫਤਹਿ ਕਰਨ ਦਾ ਸਿਹਰਾ ਅਕਾਲੀ ਫੂਲਾ ਸਿੰਘ ਦੇ ਸਿਰ ਹੀ ਰਹੇਗਾ। ਕਲਕੱਤਾ ਰੀਵੀਊ ਜਿਲਦ 6 ਦੇ ਪੰਨਾ 79 ਤੇ ਸਪਸ਼ਟ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿਮਘ ਦੀ ਸਾਰੀ ਫੌਜ ਪਿੱਛੇ ਹਟਾ ਦਿੱਤੀ ਗਈ ਹੁੰਦੀ ਜੇ ਕਦੇ ਅਕਾਲੀ ਫੂਲਾ ਸਿੰਘ ਨਿਰਭੈਤਾ ਨਾਲ ਆਪਣੇ ਬਲਵਾਨ ਜੱਥੇ ਨੂੰ ਨਾਲ ਲੈ ਕੇ ਕਿਲ੍ਹੇ ਤੇ ਧਾਵਾ ਨਾ ਕਰਦਾ।ਪਿਸ਼ਾਵਰ ਗਜ਼ਟੀਅਰ ਸਫ਼ਾ 65 ਤੇ ਲਿਖਿਆ ਹੈ ਕਿ ਮੁਲਤਾਨ ਦੇ ਕਿਲ੍ਹੇ ਦੇ ਪਾੜ ਵਿਚ ਸਭ ਤੋਂ ਪਹਿਲਾਂ ਫੂਲਾ ਸਿੰਘ(ਅਕਾਲੀ) ਆਪਣੇ ਜੱਥੇ ਸਮੇਤ ਦਾਖਲ ਹੋਇਆ।

ਪਿਸ਼ਾਵਰ ਦੀ ਜਿੱਤ: ਮੁਲਤਾਨ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਸਾਰਾ ਧਿਆਨ ਪਿਸ਼ਾਵਰ ਵਲ ਲਗਾ ਦਿੱਤਾ। ਪਿਸ਼ਾਵਰ ਵਿਚ ਦੁਰਾਨੀਆਂ ਤੇ ਬਾਰਕਜ਼ੀਆਂ ਵਿਚ ਘਮਸਾਨ ਚੱਲ ਰਿਹਾ ਸੀ । ਮਹਾਰਾਜਾ ਜਾਣਦਾ ਸੀ ਕਿ ਹਮਲੇ ਲਈ ਇਸ ਤੋਂ ਵਧੀਆ ਮੌਕਾ ਫੇਰ ਕਦੇ ਨਹੀਂ ਮਿਲੇਗਾ। ਸੰਨ 1818 ਵਿਚ ਸ਼ੇਰਿ ਪੰਜਾਬ ਖਾਲਸਾ ਦਲ ਦੇ ਨਾਮੀ ਜਰਨੈਲਾਂ ਨੂੰ ਨਾਲ ਲੈ ਕੇ ਪਿਸ਼ਾਵਰ ਤੇ ਚੜ੍ਹ ਆਇਆ। ਅਟਕ ਤੇ ਪੁਲ ਤਿਆਰ ਕਰਵਾ ਕੇ ਪਹਿਲਾ ਇਕ ਛੋਟਾ ਜੱਥਾ ਪਾਰ ਭੇਜਿਆ ਗਿਆ। ਅੱਗੋਂ ਦੁਸ਼ਮਨਾਂ ਨੇ ਹੱਲਾ ਕਰ ਦਿੱਤਾ। ਕਾਲਸੇ ਨੇ ਆਪਣੀ ਕੌਮੀ ਕੀਰਤੀ ਨੂੰ ਕਾਇਮ ਰੱਖਣ ਲਈ ਡੱਟ ਕੇ ਮੁਕਾਬਲਾ ਕੀਤਾ। ਪਰ ਏਨੇ ਛੋਟੇ ਦਲ ਦਾ ਅਣਗਿਣਤ ਫੌਜ ਅੱਗੇ ਟਿਕਣਾ ਮੁਸਕਿਲ ਸੀ। ਸੋ ਸਾਰੇ ਸੂਰਮੇ ਬਹਾਦਰੀ ਨਾਲ ਅੰਤਿਮ ਸਾਹ ਤੱਕ ਲੜਦੇ ਹੋਏ ਸ਼ਹੀਦੀ ਜਾਮ ਪੀ ਗਏ। ਮਹਾਰਾਜੇ ਨੂੰ ਜਦ ਇਸ ਦੁਖਦਾਈ ਖਬਰ ਦਾ ਪਤਾ ਲੱਗਾ ਤਾਂ ਆਪ ਦੇ ਨੇਤਰਾਂ ਵਿਚ ਲਹੂ ਉਤਰ ਆਇਆ। ਉਸੇ ਵਖਤ ਇੱਕ ਜਬਰਦਸਤ ਜੱਥਾ ਅਕਾਲੀ ਫੂਲਾ ਸਿੰਘ ਅਤੇ ਸਰਦਾਰ ਮਤਾਬ ਸਿੰਘ ਦੀ ਅਗਵਾਈ ਵਿਚ ਤੋਰਿਆ। ਸਿੱਖ ਫੌਜਾਂ ਦੇ ਪਾਰ ਪਹੁੰਚਦੇ ਹੀ ਅੱਗੋਂ ਫੀਰੋਜ਼ ਖ਼ਾਨ ਅਤੇ ਨਜ਼ੀਬਉੱਲਾ ਖ਼ਾਨ ਨੇ ਪਹਿਲਾਂ ਦੀ ਤਰ੍ਹਾਂ ਇਹਨਾਂ ਤੇ ਹੱਲਾ ਕੀਤਾ। ਅਕਾਲੀ ਜੀ ਸਿਆਣੇ ਜਰਨੈਲ ਦੀ ਤਰ੍ਹਾਂ ਚੰਗੀ ਯੁੱਧ ਨੀਤੀ ਤਹਿਤ ਆਪਣੇ ਦਸਤੇ ਨੂੰ ਥੋੜਾ ਪਿੱਛੇ ਹਟਣ ਦਾ ਹੁਕਮ ਦਿੱਤਾ। ਪਠਾਣਾ ਨੇ ਸਮਝਿਆ ਕਿ ਸਿਖ ਭੱਜਣ ਲੱਗੇ ਹਨ ਤੇ ਉਹ ਪਹਾੜੀਆਂ ਤੋਂ ਹੇਠਾਂ ਉਤਰ ਆਏ। ਅਕਾਲੀ ਫੂਲਾ ਸਿੰਘ ਜੀ ਇਸ ਸਮੇਂ ਦੀ ਤਾੜ ਵਿਚ ਸਨ। ਉਨ੍ਹਾਂ ਨੇ ਆਪਣੇ ਜੱਥੇ ਨੂੰ ਤੁਰੰਤ ਹੁਕਮ ਦਿੱਤਾ, ਵੈਰੀ ਨੂੰ ਚਾਰੇ ਪਾਸੇ ਤੋਂ ਘੇਰ ਲਉ ਤਾਂ ਜੋ ਇੱਕ ਵੀ ਪਠਾਣ ਬਚ ਕੇ ਨਾ ਜਾਏ। ਅਜੇ ਅਕਾਲੀ ਜੀ ਬੋਲ ਹੀ ਰਹੇ ਸਨ ਕਿ ਸਿੰਘ ਦੁਸ਼ਮਨਾਂ ਤੇ ਟੁੱਟ ਕੇ ਪੈ ਗਏ। ਬੜੇ ਘਮਸਾਨ ਦੀ ਲੜਾਈ ਹੋਈ ਲਾਸ਼ਾਂ ਦੇ ਢੇਰ ਲੱਗ ਗਏ। ਅੰਤ ਜਦੋਂ ਫੀਰੋਜ਼ ਖ਼ਾਨ ਨੂੰ ਹਾਰ ਦਿਖਾਈ ਦਿੱਤੀ ਤਾਂ ਉਸ ਨੇ ਸਫੇਦ ਝੰਡਾ ਉਠਾ ਕੇ ਅਮਨ ਲਈ ਪੁਕਾਰ ਕੀਤੀ। ਸੋ ਲੜਾਈ ਬੰਦ ਕਰ ਦਿੱਤੀ ਗਈ ਤੇ ਇਹ ਖਟਕਾਂ ਦੇ ਮਲਕ ਕੈਦ ਕਰਕੇ ਮਹਾਰਾਜਾ ਸਾਹਿ ਕੋਲ ਅਟਕ ਭਿਜਵਾ ਦਿੱਤੇ ਗਏ। ਅਕਾਲੀ ਜੀ ਨੇ ਇੱਕ ਦਸਤਾ ਘੋੜ ਸਵਾਰਾਂ ਦਾ ਨਾਲ ਲੈ ਕੇ 19 ਨਵੰਬਰ 1818 ਦੀ ਰਾਤ ਨੂੰ ਹੀ ਚਮਕਣੀਆਂ ਤੇ ਧਾਵਾ ਬੋਲ ਦਿੱਤਾ। ਮੁਗਲ ਅਜੇ ਸੁੱਤੇ ਹੀ ਪਏ ਸਨ ਕਿ ਸਿੰਘਾਂ ਨੇ ਸ਼ਹਿਰ ਨੂੰ ਘੇਰ ਲਿਆ। ਦੁਸ਼ਮਨਾਂ ਦੀ ਜਾਗੋਮੀਚੀ ਵਿਚ ਹੀ ਤਲਵਾਰ ਚੱਲਣੀ ਆਰੰਭ ਹੋ ਗਈ, ਅਚਾਨਕ ਆਪਣੇ ਸਿਰ ਤੇ ਬਿਜਲੀ ਡਿੱਗਦੀ ਦੇਖ ਕੇ ਮੁਗਲ ਸਿਪਾਹੀਆਂ ਨੂੰ ਜਿੱਧਰ ਰਸਤਾ ਲੱਭਾ ਭੱਜ ਗਏ। ਚਮਕਣੀਆਂ ਦੀ ਫਤਹਿ ਤੋਂ ਬਾਅਦ ਖਾਲਸੇ ਦਾ ਐਸਾ ਦਬਦਬਾ ਛਾਇਆ ਕਿ ਅਗਲੇ ਦਿਨ 20 ਨਵੰਬਰ ਨੂੰ ਬਿਨਾਂ ਕਿਸੇ ਲੜਾਈ ਦੇ ਅਕਾਲੀ ਫੁਲਾ ਸਿੰਘ ਨੇ ਪਿਸ਼ਾਵਰ ਉੱਤੇ ਪੂਰਾ ਪੂਰਾ ਕਬਜ਼ਾ ਕਰ ਲਿਆ। ਦੂਜੇ ਦਿਨ ਜਦ ਮਹਾਰਾਜਾ ਰਣਜੀਤ ਸਿੰਘ ਪਿਸ਼ਾਵਰ ਪਹੁੰਚੇ ਤਾਂ ਅੱਗੋਂ ਕਿਲ੍ਹੇ ਤੇ ਖਾਲਸਈ ਨਿਸ਼ਾਨ ਪੂਰੀ ਚੜ੍ਹਦੀ ਕਲ਼ਾ ਨਾਲ ਝੂਲ ਰਿਹਾ ਸੀ। ਸ਼ਹਿਰ ਦੀ ਰਾਖੀ ਅਦਿ ਦਾ ਸਾਰਾ ਜਰੂਰੀ ਪ੍ਰਬੰਧ ਅਕਾਲੀ ਜੀ ਕਰਵਾ ਚੁੱਕੇ ਸਨ ਜਿਸ ਨੂੰ ਦੇਖ ਕੇ ਮਹਾਰਾਜਾ ਸਾਹਿਬ ਨੇ ਆਪ ਦੀ ਬਹੁਤ ਪ੍ਰਸ਼ੰਸ਼ਾ ਕੀਤੀ। ਇਸ ਮੁਹਿੰਮ ਦੀ ਫਤਹਿ ਤੋਂ ਬਾਅਦ ਮਹਾਰਾਜਾ ਸਾਹਿਬ ਦੇ ਦਿਲ ਵਿਚ ਅਕਾਲੀ ਫੂਲਾ ਸਿੰਘ ਦੇ ਅਦੁੱਤੀ ਜਰਨੈਲ ਹੋਣ ਦੇ ਨਾਲ ਨਾਲ ਸਮਝਦਾਰ ਪ੍ਰਬੰਧਕ ਹੋਣ ਦਾ ਵੀ ਸਿੱਕਾ ਬੈਠ ਗਿਆ, ਜਿਸ ਦੀ ਸ਼ਲਾਘਾ ਮਹਾਰਾਜੇ ਨੇ ਲਾਹੌਰ ਪਹੁੰਚ ਕੇ ਇੱਕ ਵੱਡੇ ਦਰਬਾਰ ਵਿਚ ਕੀਤੀ।

ਕਸ਼ਮੀਰ ਤੇ ਚੜਾਈ: ਮਹਾਰਾਜਾ ਰਣਜੀਤ ਸਿੰਘ ਦੀ ਦਿਲੀ ਤਮੰਨਾ ਸੀ ਕਿ ਉਹ ਕਸ਼ਮੀਰ ਨੂੰ ਖਾਲਸਾ ਰਾਜ ਦਾ ਇੱਕ ਸੂਬਾ ਦੇਖੇ। ਸੰਨ 1819 ਵਿਚ ਪੰਡਿਤ ਬੀਰਬਲ ਨੇ ਲਾਹੌਰ ਪਹੁੰਚ ਕੇ ਕਸ਼ਮੀਰ ਦੀ ਪਰਜਾ ਉੱਤੇ ਹੋ ਰਹੇ ਅੱਤਿਆਚਾਰਾਂ ਬਾਰੇ ਦੱਸਿਆ ਤਾਂ ਮਹਾਰਾਜੇ ਨੇ ਖਾਲਸਾ ਦਲ ਨੂੰ ਆਪਣੀ ਦੇਖ ਰੇਖ ਵਿਚ ਇਕੱਤ੍ਰ ਕਰ ਕੇ ਕਸ਼ਮੀਰ ਵਚ ਕੂਚ ਕਰ ਦਿੱਤਾ। ਵਜ਼ੀਰਾਬਾਦ ਪਹੁੰਚ ਕੇ ਇਹ ਫੈਸਲਾ ਕੀਤਾ ਗਿਆ ਕਿ ਖਾਲਸਾ ਫੌਜਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਵੇ। ਇਕ ਹਿੱਸਾ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਦੀਵਾਨ ਚੰਦ ਦੀ ਅਗਵਾਈ ਵਿਚ ਤੇ ਦੂਜਾ ਦਸਤਾ ਅਕਾਲੀ ਫੂਲਾ ਸਿੰਘ ਅਤੇ ਸ਼ਹਿਜਾਦਾ ਖੜਕ ਸਿੰਘ ਦੀ ਕਮਾਨ ਹੇਠ ਅੱਗੇ ਤੋਰਿਆ ਜਾਏ। ਤੀਜਾ ਜੱਥਾ ਮਹਾਰਾਜੇ ਕੋਲ ਆਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਰੱਖਿਆ ਜਾਵੇ ਤਾਂ ਜੋ ਜਦੋਂ ਵੀ ਜਿੱਥੇ ਵੀ ਜ਼ਰੂਰਤ ਪਵੇ ਮਦਦ ਪੁਚਾਈ ਜਾ ਸਕੇ। ਰਾਜੌਰੀ ਦਾ ਹਾਕਮ ਅਜ਼ੀਜ਼ ਖ਼ਾਨ ਤਾਂ ਅਜਿੱਤ ਸਿੰਘਾਂ ਨੂੰ ਚੜ੍ਹਦੇ ਆਉਂਦੇ ਦੇਖਕੇ ਰਾਤੋ ਰਾਤ ਭੱਜ ਗਿਆ ਤੇ ਉਸ ਦਾ ਪੁੱਤਰ ਰਹੀਮਉੱਲਾ ਖ਼ਾਨ ਖਾਲਸਾ ਫੌਜ ਨਾਲ ਮਿਲ ਗਿਆ। ਉਸ ਨੇ ਸਿਖ ਫੌਜ ਨੂੰ ਪਹਾੜੀ ਇਲਾਕੇ ਵਿਚ ਰਸਤੇ ਦੱਸਣ ਵਿਚ ਬੜੀ ਮਦਦ ਕੀਤੀ। ਇਸ ਦੇ ਬਦਲੇ ਪਿੱਛੋਂ ਮਹਾਰਾਜੇ ਨੇ ਰਹੀਮਉੱਲਾ ਖ਼ਾਨ ਨੂੰ ਆਪਣੇ ਪਿਤਾ ਦੀ ਥਾਂ ਤੇ ਰਾਜੌਰੀ ਦਾ ਹਾਕਮ ਥਾਪ ਦਿੱਤਾ। ਪੁਣਛ ਦੇ ਕਿਲ੍ਹੇ ਵਿਚ ਜਬਰਦਸਤ ਖ਼ਾਨ ਆਪਣੇ ਲਸ਼ਕਰ ਸਮੇਤ ਖਾਲਸਾ ਫੌਜਾਂ ਨਾਲ ਟੱਕਰ ਲੈਣ ਲਈ ਤਿਆਰ ਬੈਠਾ ਸੀ। ਅਕਾਲੀ ਫੂਲਾ ਸਿੰਘ ਦੇ ਜੱਥੇ ਨੇ ਕਿਲ੍ਹੇ ਤੇ ਹਮਲਾ ਕੀਤਾ ਤੇ ਛੋਟੀ ਜਿਹੀ ਲੜਾਈ ਪਿੱਛੋਂ ਸਾਰੇ ਮੋਰਚੇ ਵੈਰੀ ਤੋਂ ਛੁਡਵਾ ਲਏ। ਕਿਲ੍ਹੇ ਦੀ ਇੱਕ ਬਾਹੀ ਨੂੰ ਬਾਰੂਦ ਨਾਲ ਉਡਾ ਦਿੱਤਾ। ਜਬਰਦਸਤ ਖ਼ਾਨ ਪੂਰੀ ਤਰ੍ਹਾਂ ਘਿਰ ਚੁੱਕਾ ਸੀ, ਖੂਬ ਕਿਰਪਾਨ ਚੱਲੀ। ਮੁਸਲਮਾਨਾਂ ਦੇ ਭਾਅ ਦੀ ਤਾਂ ਕਿਆਮਤ ਦਾ ਦਿਨ ਆ ਗਿਆ ਸੀ। ਅੰਤ ਖ਼ਾਨ ਉਸ ਦੇ ਬਹੁਤ ਸਾਰੇ ਸਾਥੀਆਂ ਸਮੇਤ ਕੈਦ ਕਰ ਲਿਆ ਗਿਆ।

ਜਬਾਰ ਖ਼ਾਨ ਨੂੰ ਹਰਾਉਂਦਾ ਹੋਇਆ ਖਾਲਸਾ ਦਲ ਅੱਗੇ ਵਧਿਆ ਤੇ ਕਿਲ੍ਹਾ ਸ਼ੇਰ ਗੜ੍ਹੀ ਸਮੇਤ ਹੋਰ ਕਈ ਚੌਕੀਆਂ ਵੀ ਫਤਹਿ ਕਰ ਲਈਆਂ ਤੇ ਕਸ਼ਮੀਰ ਉੱਤੇ ਖਾਲਸੇ ਦਾ ਪੂਰਾ ਕਬਜ਼ਾ ਹੋ ਗਿਆ।ਸੰਨ 1819 ਨੂੰ ਖਾਲਸਾ ਦਲ ਬੜੀ ਧੂਮਧਾਮ ਨਾਲ ਬਗੈਰ ਕਿਸੇ ਲੁੱਟ ਮਾਰ ਦੇ ਸ਼ੀ ਨਗਰ ਵਿਚ ਦਾਖਲ ਹੋਇਆ। ਕਸ਼ਮੀਰ ਫਤਹਿ ਦੀ ਖ਼ਬਰ ਸੁਣ ਮਹਾਰਾਜਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਅਰਦਾਸ ਕਰਵਾਈ। ਤਿੰਨ ਦਿਨਾ ਤੱਕ ਸਾਰੇ ਸ਼ਹਿਰ ਵਿਚ ਦੀਪਮਾਲਾ ਕੀਤੀ ਗਈ। ਇਸ ਸਮੇਂ ਮਹਾਰਾਜਾ ਸਾਹਿਬ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਅਤੇ ਕੌਮੀ ਜੋਸ਼ ਤੇ ਐਸੇ ਮੋਹਿਤ ਹੋਏ ਕਿ ਅਕਾਲੀ ਜੀ ਨੂੰ ਅੱਗੋਂ ਸਦਾ ਲਈ ਆਪਣੇ ਪਾਸ ਲਾਹੌਰ ਰਹਿਣ ਲਈ ਬੜਾ ਜੋਰ ਲਾਇਆ। ਪਰ ਅਕਾਲੀ ਜੀ, ਜੋ ਸਦਾ ਸੁਤੰਤਰ ਤੇ ਹਮੇਸ਼ਾਂ ਗੁਰੂ ਦੀ ਨਗਰੀ ਵਿਚ ਰਹਿਣਾ ਪਸੰਦ ਕਰਦੇ ਸਨ, ਨੇ ਬੜੇ ਪਿਆਰ ਨਾਲ ਮਹਾਰਾਜਾ ਸਾਹਿਬ ਨੂੰ ਕਿਹਾ, ਅਸੀਂ ਹਰ ਵਖਤ ਆਪ ਦੇ ਪਾਸ ਹੀ ਹਾਂ, ਜਦੋਂ ਹੁਕਮ ਕਰੋਂਗੇ ਹਾਜ਼ਰ ਹੋ ਜਾਵਾਂਗੇ, ਪਰ ਹੁਣ ਸ਼੍ਰੀ ਅੰਮ੍ਰਿਤਸਰ ਤੋਂ ਬਾਹਰ ਰਹਿਣ ਨੂੰ ਦਿਲ ਨਹੀਂ ਕਰਦਾ।

ਮੁਗਲਾਂ ਦਾ ਦੁਬਾਰਾ ਲਾਮਬੰਦ ਹੋਣਾ: ਮੁਹੰਮਦ ਅਜ਼ੀਮ ਖ਼ਾਨ ਨੇ ਆਪਣੇ ਭਤੀਜੇ ਮੁਹੰਮਦ ਜ਼ਮਾਨ ਖ਼ਾਨ ਤੇ ਫੀਰੋਜ਼ ਖ਼ਾਨ ਖਟਕ ਦੇ ਪੁੱਤਰ ਖ਼ਵਾਸ ਖ਼ਾਨ ਨਾਲ ਭਾਰੀ ਲਸ਼ਕਰ ਖਟਕਾਂ ਤੇ ਅਫਰੀਦੀਆਂ ਦਾ ਭਿਜਵਾ ਕੇ ਜਹਾਂਗੀਰੇ ਦੇ ਕਿਲ੍ਹੇ ਤੇ ਜਾ ਧਾਵਾ ਕਰਾਇਆ। ਇਸ ਲਸ਼ਕਰ ਦੇ ਜ਼ਹਾਂਗੀਰੇ ਪਹੁੰਚਦੇ ਹੀ ਇਕ ਹਿੱਸੇ ਨੇ ਤਾਂ ਕਿਲ੍ਹੇ ਨੂੰ ਘੇਰਾ ਪਾ ਲਿਆ ਤੇ ਬਾਕੀ ਬਚਦਿਆਂ ਨੇ ਨਾਲ ਦੀਆਂ ਪਹਾੜੀਆਂ ਤੇ ਪੱਕੇ ਮੋਰਚੇ ਲਾ ਲਏ ਤੇ ਅਟਕ ਤੋਂ ਇਸ ਪਾਰ ਆਉਣ ਵਾਲਿਆਂ ਦੇ ਸਾਰੇ ਰਸਤੇ ਬੰਦ ਕਰਕੇ ਆਪਣੇ ਕਬਜ਼ੇ ਵਿਚ ਕਰ ਲਏ। ਮਹਾਰਾਜਾ ਰਣਜੀਤ ਸਿੰਘ ਨੂੰ ਜਦ ਇਹ ਸਾਰੀਆਂ ਖ਼ਬਰਾਂ ਲਾਹੌਰ ਪਹੁੰਚੀਆਂ ਤਾਂ ਮਹਾਰਾਜਾ ਸਾਹਿਬ ਨੇ ਬਹੁਤ ਛੇਤੀ 2000 ਘੋੜ ਸਵਾਰ ਸ਼ਹਿਜ਼ਾਦਾ ਸ਼ੇਰ ਸਿੰਘ ਤੇ ਦੀਵਾਨ ਕ੍ਰਿਪਾ ਰਾਮ ਦੀ ਸਰਦਾਰੀ ਵਿਚ ਗ਼ਾਜ਼ੀਆਂ ਦੀ ਰੋਕ ਥਾਮ ਲਈ ਤੋਰ ਦਿੱਤੇ। ਅਗਲੇ ਦਿਨ ਮਹਾਰਾਜਾ ਆਪ ਅਕਾਲੀ ਫੂਲਾ ਸਿੰਘ, ਸਰਦਾਰ ਦੇਸਾ ਸਿੰਘ ਮਜੀਠਿਆ, ਸਰਦਾਰ ਫਤਹਿ ਸਿੰਘ ਆਹਲੂਵਾਲੀਆ ਆਦਿ ਚੋਣਵੇਂ ਸਰਦਾਰਾਂ ਤੇ ਬਹਾਦਰ ਖਾਲਸਾ ਦਲ ਨੂੰ ਨਾਲ ਲੈ ਕੇ ਹਨੇਰੀ ਵਾਂਗ ਮੰਜ਼ਿਲ ਦੀ ਥਾਂ ਵਲ ਵਧੇ ਤੇ ਪੰਜ ਦਿਨਾਂ ਵਿਚ ਪਹੁੰਚ ਗਏ। ਇਸੇ ਦਿਨ ਸਵੇਰੇ ਖਾਲਸਾ ਫੌਜਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਰਦਾਰ ਹਰੀ ਸਿੰਘ ਨਲੂਆ ਤੇ ਸ਼ੇਰ ਸਿੰਘ ਨੇ ਦਰਿਆ ਅਟਕ ਤੇ ਬੇੜੀਆਂ ਦੇ ਪੁਲ ਤੋਂ ਪਾਰ ਹੋ ਕੇ ਆਪਣੇ ਦਸਤੇ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ। ਇਕ ਪਾਸੇ ਤਾਂ ਸਰਦਾਰ ਹਰੀ ਸਿੰਘ ਨੇ 800 ਘੋੜ ਸਵਾਰਾਂ ਨਾਲ ਦੁਸ਼ਮਨ ਦੇ ਹੱਲੇ ਨੂੰ ਰੋਕਿਆ ਤੇ ਦੂਜੇ ਪਾਸੇ ਦੀਵਾਨ ਕ੍ਰਿਪਾ ਰਾਮ ਅਤੇ ਸ਼ੇਰ ਸਿੰਘ 1200 ਘੋੜ ਸਵਾਰਾਂ ਨਾਲ ਕਿਲ੍ਹਾ ਖ਼ੈਰਬਾਦ ਵਲ ਵਧੇ। ਸਾਹਮਣੇ ਦੇ ਮੋਰਚਿਆਂ ਤੋਂ ਅੰਧਾਧੁੰਦ ਗੋਲੀਆਂ ਵਰ੍ਹ ਰਹੀਆਂ ਸਨ, ਪਰ ਖਾਲਸਾ ਫੌਜਾਂ ਨੇ ਵੀ ਅੱਗੋਂ ਉਨੀ ਹੀ ਦਲੇਰੀ ਨਾਲ ਮੁਕਾਬਲਾ ਕੀਤਾ। ਮੁਹੰਮਦ ਜ਼ਮਾਨ ਖ਼ਾਨ ਨੇ ਆਪਣੇ ਕੁਝ ਸਿਪਾਹੀ ਭਿਜਵਾ ਕੇ ਦਰਿਆ ਅਟਕ ਦਾ ਪੁਲ ਉਡਵਾ ਦਿੱਤਾ ਤਾਂ ਕਿ ਪਾਰ ਦੀ ਫੌਜ ਸਿੱਖਾਂ ਦੀ ਮਦਦ ਲਈ ਨਾ ਆ ਪਹੁੰਚੇ।

ਮਹਾਰਾਜਾ ਰਣਜੀਤ ਸਿੰਘ ਜਦੋਂ ਅਟਕ ਪਹੁੰਚੇ ਤਾਂ ਪੁਲ ਰੁੜ ਚੁੱਕਾ ਸੀ। ਨਵਾਂ ਪੁਲ ਆਥਣ ਤੋਂ ਪਹਿਲਾਂ ਨਹੀਂ ਬਣ ਸਕਦਾ ਸੀ। ਓਧਰ ਸਿੱਖ ਫੌਜਾਂ ਨੂੰ ਦਰਿਆਓਂ ਪਾਰ ਤੋਂ ਗੋਲੀਆਂ ਦੀ ਆਵਾਜ਼ ਸੁਣ ਰਹੀ ਸੀ ਜਿਸ ਕਰਕੇ ਖਾਲਸਾ ਦਲ ਲਈ ਚੁੱਪ ਚਾਪ ਖਲੋਤੇ ਰਹਿਣਾ ਬੜੀ ਵੱਡੀ ਨਮੋਸ਼ੀ ਸੀ। ਏਨੇ ਨੂੰ ਮੈਦਾਨੇ ਜੰਗ ਵਿਚੋਂ ਇਕ ਸੂਹੀਆ ਤੈਰ ਕੇ ਖ਼ਬਰ ਲਿਆਇਆ ਕਿ ਖਾਲਸਾ ਫੌਜਾਂ ਨੂੰ ਦੁਸ਼ਮਨ ਨੇ ਬੁਰੀ ਤਰ੍ਹਾਂ ਘੇਰ ਲਿਆ ਹੈ ਤੇ ਜੇ ਹੁਣ ਸਹਾਇਤਾ ਨਾ ਪੁਚਾਈ ਜਾ ਸਕੀ ਤਾਂ ਬਹੁਤ ਨੁਕਸਾਨ ਉਠਾਉਣਾ ਪੈ ਸਕਦਾ ਹੈ। ਜਾਂਬਾਜ਼ ਖਾਲਸੇ ਤੇ ਇਹ ਖ਼ਬਰ ਕੜਕਦੀ ਬਿਜਲੀ ਵਾਂਗ ਡਿੱਗੀ। ਜਦ ਖਾਲਸਾ ਫੌਜਾਂ ਨੇ ਆਪਣੇ ਵੀਰਾਂ ਨੂੰ ਵੈਰੀ ਦੇ ਹੱਥ ਘਿਰਿਆ ਸੁਣਿਆਂ ਤਾਂ ਇਹਨਾਂ ਦੇ ਕੌਮੀ ਜੋਸ਼ ਨੇ ਹੁਲਾਰਾ ਖਾਧਾ ਤੇ ਉਨ੍ਹਾਂ ਲਈ ਟਿਕ ਕੇ ਖੜ੍ਹਨਾਂ ਅਸੰਭਵ ਹੋ ਗਿਆ। ਅਕਾਲੀ ਬਾਬਾ ਫੂਲਾ ਸਿੰਘ ਦੇ ਲਹੂ ਨੇ ਤਾਂ ਐਸਾ ਉਬਾਲਾ ਲਿਆ ਕਿ ਉਹ ਆਪਣੇ 500 ਘੋੜ ਸਵਾਰਾਂ ਸਮੇਤ ਦਰਿਆ ਵਿਚ ਦਾਖਲ ਹੋ ਗਏ। ਅਕਾਲੀ ਜੀ ਦੇ ਤੁਰਨ ਦੀ ਦੇਰ ਸੀ ਕਿ ਮਹਾਰਾਜੇ ਸਮੇਤ ਬਾਕੀ ਸਰਦਾਰ ਤੇ ਘੋੜ ਸਵਾਰਾਂ ਨੇ ਵੀ ਆਪਣੇ ਘੋੜੇ ਦਰਿਆ ਵਿਚ ਠੇਲ੍ਹ ਦਿੱਤੇ। ਅਟਕ ਦਾ ਵਹਾਅ ਖਾਲਸੇ ਦੇ ਜੋਸ਼ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਕੁਝ ਸਿੰਘ ਦਰਿਆ ਵਿਚ ਰੁੜ੍ਹ ਵੀ ਗਏ। ਪਰ ਮਹਾਰਾਜੇ ਸਮੇਤ ਸਾਰੇ ਸਰਦਾਰ ਦਰਿਆ ਪਾਰ ਕਰ ਗਏ। ਏਧਰ ਖਾਲਸਾ ਫੌਜਾਂ ਦੇ ਦਰਿਆ ਪਾਰ ਕਰਨ ਦੀ ਖ਼ਬਰ ਸੁਣ ਕੇ ਜੰਗ ਵਿਚਲੇ ਸਿੰਘ ਪੱਕੇ ਪੈਰੀਂ ਹੋ ਗਏ ਤੇ ਦੁਸ਼ਮਨਾਂ ਨੂੰ ਭਾਜੜ ਪੈ ਗਈ। ਅਕਾਲੀਆਂ ਦੇ ਨਗਾਰੇ ਦੀ ਚੋਟ ਨੇ ਤਾਂ ਰਹਿੰਦੀ ਖੂਹਦੀ ਮੁਗਲ ਫੌਜ ਦਾ ਵੀ ਲੱਕ ਤੋੜ ਦਿੱਤਾ। ਏਨੇ ਨੂੰ ਸਰਦਾਰ ਹਰੀ ਸਿੰਘ ਨਲੂਏ ਨੇ ਕਿਲ੍ਹੇ ਤੇ ਕਬਜ਼ਾ ਕਰ ਲਿਆ ਤੇ ਖਾਲਸੇ ਦੀ ਜਿੱਤ ਹੋਈ।

ਮਾਰਚ 1822 ਨੂੰ ਮਹਾਰਾਜੇ ਨੂੰ ਖ਼ਬਰ ਪਹੁੰਚੀ ਕਿ ਮੁਗਲ ਫੌਜਾਂ ਨੁਸ਼ਿਹਰੇ ਦੇ ਪਾਰ ਪਹਾੜੀਆਂ ਉੱਤੇ ਆਪਣੇ ਮੋਰਚੇ ਬਣਾ ਰਹੀਆਂ ਹਨ ਤੇ ਉਹਨਾਂ ਦੀ ਗਿਣਤੀ ਬੇਸ਼ੁਮਾਰ ਵਧ ਗਈ ਹੈ। 14 ਮਾਰਚ 1822 ਨੂੰ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਰਬ ਸੰਮਤੀ ਨਾਲ ਇਹ ਗੁਰਮਤਾ ਸੋਧਿਆ ਗਿਆ ਕਿ ਜੰਗ ਵਿਚ ਦੇਰੀ ਕਰਨ ਨਾਲ ਵੈਰੀਆਂ ਦਾ ਹੌਸਲਾ ਹੋਰ ਵਧ ਜਾਏਗਾ। ਖਾਲਸਾ ਫੌਜਾਂ ਮੈਦਾਨੀ ਇਲਾਕੇ ਵਿਚ ਹਨ ਤੇ ਦੁਸ਼ਮਨ ਪਹਾੜ ਉੱਤੇ ਸੋ ਦੇਰੀ ਕਰਨ ਨਾਲ ਨੁਕਸਾਨ ਜਿਆਦਾ ਹੋ ਸਕਦਾ ਹੈ। ਸੋ ਜੰਗ ਦੀ ਤਿਆਰੀ ਹੋ ਗਈ। ਖਾਲਸਾ ਫੌਜ ਤਿੰਨ ਜੱਥਿਆਂ ਵਿਚ ਵੰਡ ਦਿੱਤੀ ਗਈ। ਅਕਾਲੀ ਜੀ ਦੇ ਜੱਥੇ ਨੂੰ ਚੜ੍ਹਦੇ ਵਾਲੇ ਪਾਸੇ ਤੋਂ ਦੁਸ਼ਮਨ ਤੇ ਚੜ੍ਹਾਈ ਕਰਨ ਲਈ ਕਿਹਾ ਗਿਆ। ਮਹਾਰਾਜਾ ਸਾਹਿਬ ਨੇ ਖਾਲਸਾ ਫੌਜਾਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਕੀਤਾ। ਮਹਾਰਾਜੇ ਨੂੰ ਸੂਹੀਏ ਨੇ ਖ਼ਬਰ ਦਿੱਤੀ ਕਿ ਦੁਸ਼ਮਨ ਦੀ ਫੌਜ ਨਾਲ ਮੁਹੰਮਦ ਅਜ਼ੀਮ ਖ਼ਾਨ ਵੀ ਆਪਣੀ 10000 ਫੌਜ ਤੇ 40 ਤੋਪਾਂ ਸਮੇਤ ਰਲ ਗਿਆ ਹੈ। ਦੋਸਤ ਮੁਹੰਮਦ ਖ਼ਾਨ ਤੇ ਜਬਾਰ ਖ਼ਾਨ ਵੀ ਅਫਗਾਨੀ ਸੈਨਾ ਨਾਲ ਆ ਗਏ ਹਨ। ਖਾਲਸਾ ਫੌਜਾਂ ਦਾ ਵੱਡਾ ਤੋਪਖਾਨਾ, ਜੋ ਕਿ ਜਰਨਲ ਵੈਨਤੂਰਾ ਲਿਆ ਰਿਹਾ ਸੀ, ਵੀ ਅਜੇ ਨਹੀਂ ਪਹੁੰਚਿਆ ਸੀ। ਸੋ ਸਭ ਪਹਿਲੂਆਂ ਤੇ ਸੋਚ ਵਿਚਾਰ ਕਰਨ ਤੋਂ ਬਾਅਦ ਮਹਾਰਾਜੇ ਨੇ ਹਮਲਾ ਟਾਲਣ ਦਾ ਫੈਸਲਾ ਕੀਤਾ। ਅਕਾਲੀ ਫੂਲਾ ਸਿੰਘ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਹ ਝੱਟ ਮਹਾਰਾਜੇ ਕੋਲ ਆ ਗਏ ਤੇ ਕਹਿਣ ਲੱਗੇ ਕਿ ਮੰਨਿਆ ਕਿ ਦੁਸ਼ਮਨ ਫੌਜ ਦੀ ਗਿਣਤੀ ਬਹੁਤ ਵੱਡੀ ਹੈ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗੁਰਮਤਾ ਸੋਧ ਕੇ ਉਸਦੇ ਵਿਰੁੱਧ ਫੈਸਲਾ ਕਰਨਾ ਖਾਲਸੇ ਦੇ ਅਸੂਲਾਂ ਦੇ ਉਲਟ ਹੈ। ਸੀਸ ਜਾਂਦੇ ਨੇ ਤਾਂ ਜਾਣ ਪਰ ਗੁਰਮਤੇ ਦੀ ਪਾਵਨ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ। ਮਹਾਰਾਜੇ ਨੂੰ ਕੁਝ ਢਿੱਲਾ ਦੇਖ ਕੇ ਅਕਾਲੀ ਜੀ ਉੱਥੋਂ ਵਾਪਸ ਆਪਣੇ ਜੱਥੇ ਵਿਚ ਆ ਗਏ ਤੇ ਆ ਕੇ ਅਰਦਾਸ ਕੀਤੀ।ਅਰਦਾਸ ਜੋ ਸਿਖ ਦੀ ਸਭ ਤੋਂ ਵੱਡੀ ਸ਼ਕਤੀ ਹੈ, ਅਰਦਾਸ ਜਿਸ ਵਿਚ ਸਿਖ ਦਾ ਪੂਰਾ ਵਿਸ਼ਵਾਸ ਹੈ ਤੇ ਅਰਦਾਸ ਜੋ ਕਦੇ ਬਿਰਥੀ ਨਹੀਂ ਜਾਂਦੀ, ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥ ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥ ਅਕਾਲੀ ਜੀ ਨੇ ਅਕਾਲ ਪੁਰਖ ਅੱਗੇ ਦੋਇ ਕਰ ਜੋਰ ਕੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਅਸੀਂ ਸੀਸ ਤਾਂ ਉਸੇ ਦਿਨ ਆਪ ਦੀ ਭੇਂਟ ਕਰ ਚੁੱਕੇ ਹਾਂ ਜਿਸ ਦਿਨ ਅੰਮ੍ਰਿਤ ਛਕਿਆ। ਹੁਣ ਕ੍ਰਿਪਾ ਕਰੋ ਤੇ ਆਪਣੇ ਖਾਲਸੇ ਦੀ ਲਾਜ ਰੱਖਦੇ ਹੋਏ ਹਰ ਮੈਦਾਨ ਫਤਹਿ ਬਖ਼ਸ਼ੋ। ਜੇ ਸੀਸ ਦੇ ਕੇ ਪਾਵਨ ਮਰਿਆਦਾ ਬਚ ਸਕਦੀ ਹੈ ਤਾਂ ਸਾਡੇ ਸੀਸ ਹਾਜ਼ਰ ਹਨ, ਜੋ ਚਾਹੇ ਸੇਵਾ ਲਉ। ਅਰਦਾਸ ਤੋਂ ਬਾਅਦ ਅਕਾਸ਼ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਤੇ ਜੱਥਾ ਮੈਦਾਨੇ ਜੰਗ ਦੇ ਰਾਹ ਪੈ ਗਿਆ। ਦਰਿਆ ਪਾਰ ਕਰਦੇ ਸਾਰ ਨਿਹੰਗਾਂ ਨੇ ਸ਼ੇਰ ਦੀ ਫੁਰਤੀ ਨਾਲ ਦੁਸ਼ਮਨਾਂ ਤੇ ਹੱਲਾ ਕੀਤਾ। ਅੱਗੋਂ ਗਾਜ਼ੀਆਂ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਤੋਪਾਂ ਦੀ ਆਵਾਜ਼ ਨਾਲ ਧਰਤੀ ਕੰਬ ਗਈ ਤੇ ਆਸਮਾਨ ਗੂੰਜ ਉੱਠਿਆ। ਪਰ ਸੂਰਮਾਂ ਜਰਨੈਲ ਆਪਣੇ ਘੋੜੇ ਨੂੰ ਅਗਾਹ ਵਧਾਉਦਾ ਹੀ ਗਿਆ। ਸ਼ੇਰਾਂ ਦਾ ਜੱਥਾ ਵੀ ਪਿੱਛੇ ਆ ਰਿਹਾ ਸੀ। ਕਿਰਪਾਨਾਂ ਫਿਰ ਬੰਦੂਕਾਂ ਤੇ ਭਾਰੀ ਪੈ ਰਹੀਆਂ ਸਨ। ਅਕਾਲੀਆਂ ਦੀਆਂ ਸਾਰੀਆਂ ਲੜਾਈਆਂ ਵਿਚ ਕਾਮਯਾਬੀ ਦਾ ਵੱਡਾ ਕਾਰਨ ਇਹ ਸੀ ਕਿ ਉਹ ਸਦਾ ਵੈਰੀ ਦੇ ਗਲ ਨੂੰ ਜਾ ਪੈਂਦੇ ਸਨ ਤੇ ਐਸੀ ਕਿਰਪਾਨ ਚਲਾਉਂਦੇ ਕਿ ਜਾਂ ਤਾਂ ਦੁਸ਼ਮਨ ਦੇ ਡੱਕਰੇ ਹੋ ਜਾਂਦੇ ਤੇ ਜਾਂ ਮੈਦਾਨ ਛੱਡ ਕੇ ਭੱਜ ਜਾਂਦਾ। ਉਸ ਸਮੇਂ ਇਹ ਗੱਲ ਆਮ ਪ੍ਰਚੱਲਿਤ ਸੀ ਕਿ ਅਕਾਲੀਆਂ ਦੇ ਹੱਲੇ ਨੂੰ ਕੋਈ ਵੀ ਕਦੇ ਸਾਹਮਣੇ ਤੋਂ ਨਹੀਂ ਰੋਕ ਸਕਿਆ ਸੀ।

ਅਕਾਲੀ ਜੱਥੇ ਦਾ ਇਸ ਤਰ੍ਹਾਂ ਨਿਧੱੜਕ ਹੱਲਾ ਕਰਕੇ ਅੱਗੇ ਵਧਣਾ ਤੇ ਦੁਸ਼ਮਨਾਂ ਦਾ ਉਹਨਾਂ ਤੇ ਗੋਲੀਆਂ ਦਾ ਮੀਂਹ ਵਰ੍ਹਾਉਣਾ ਮਹਾਰਾਜੇ ਤੋਂ ਵੇਖਿਆ ਨਾ ਗਿਆ। ਸ਼ੇਰਿ ਪੰਜਾਬ ਵਰਗੇ ਮਹਾਨ ਸੂਰਮੇ ਤੋਂ ਇਹ ਆਸ ਕਦੋਂ ਕੀਤੀ ਜਾ ਸਕਦੀ ਸੀ ਕਿ ਉਹ ਆਪਣੇ ਜਾਨ ਤੋਂ ਪਿਆਰੇ ਸਾਥੀਆਂ ਤੇ ਅਕਾਲੀ ਸੂਰਮਿਆਂ ਨੂੰ ਇੰਜ ਸ਼ਹੀਦ ਹੁੰਦਾ ਦੇਖ ਕੇ ਸਹਾਰ ਲੈਂਦਾ। ਸੋ ਮਹਾਰਾਜੇ ਨੇ ਬਾਕੀ ਦੋ ਜੱਥਿਆਂ ਨੂੰ ਮੈਦਾਨੇ ਜੰਗ ਵਿਚ ਵੈਰੀ ਤੇ ਹੱਲਾ ਕਰਨ ਤੇ ਅਕਾਲੀ ਜੀ ਦਾ ਸਾਥ ਦੇਣ ਦਾ ਹੁਕਮ ਦਿੱਤਾ। ਮਹਾਰਾਜਾ ਆਪ ਵੀ ਸਿਖ ਫੌਜਾਂ ਨਾਲ ਰਣਤੱਤੇ ਵਿਚ ਆ ਗਿਆ। ਘਮਸਾਂਨ ਦਾ ਯੁੱਧ ਛਿੜ ਪਿਆ। ਯੋਧੇ ਸਿਰ ਧੜ੍ਹ ਦੀ ਬਾਜ਼ੀ ਲਾਉਣ ਲੱਗੇ। ਪਠਾਣਾ ਦੇ ਮੋਰਚੇ ਪੱਥਰਾਂ ਵਿਚ ਹੋਣ ਕਰਕੇ ਨਾ ਛੁੱਟੇ। ਖਾਲਸਾ ਫੌਜ ਦੇ ਹੱਥ ਅਜੇ ਤੱਕ ਕੋਈ ਕਾਮਯਾਬੀ ਨਹੀਂ ਆ ਸਕੀ। ਦੁਪਿਹਰ ਵੇਲੇ ਮਹਾਰਾਜਾ ਕੁਝ ਪ੍ਰਾਪਤ ਨਾ ਹੁੰਦਾ ਦੇਖ ਕੇ ਫਿਰ ਚਿੰਤਤ ਹੋ ਗਿਆ ਪਰ ਇਹ ਚਿੰਤਾ ਇਕ ਪਲ ਵਿਚ ਲਹਿ ਗਈ ਜਦੋਂ ਮਹਾਰਾਜੇ ਨੇ ਅਕਾਲੀ ਜੀ ਨੂੰ ਜੱਥੇ ਸਮੇਤ,ਦੁਸ਼ਮਨਾਂ ਦੇ ਬਹੁਤ ਨੇੜੇ, ਬੜੇ ਜੋਸ਼ ਨਾਲ ਅੱਗੇ ਵਧਦਾ ਤੱਕਿਆ। ਪਹਾੜੀ ਤੋਂ ਜ਼ਿਹਾਦੀ ਅੰਧਾਧੁੰਦ ਗੋਲੀ ਵਰ੍ਹਾ ਰਹੇ ਸਨ ਪਰ ਇਹ ਬਹਾਦਰ ਸੂਰਮੇਂ ਅੱਗੇ ਵਧਦੇ ਗਏ। ਇਸੇ ਸਮੇਂ ਇਕ ਗੋਲੀ ਅਕਾਲੀ ਜੀ ਦੇ ਗੋਡੇ ਨੂੰ ਛੂਹਦੀ ਹੋਈ ਘੋੜੇ ਦੇ ਪੇਟ ਵਿਚ ਜਾ ਲੱਗੀ। ਅਕਾਲੀ ਜੀ ਦਾ ਘੋੜਾ ਜ਼ਮੀਨ ਤੇ ਡਿੱਗ ਪਿਆ। ਹੁਣ ਅਕਾਲੀ ਜੀ ਹਾਥੀ ਤੇ ਸਵਾਰ ਹੋ ਗਏ। ਜਿਸ ਤਰ੍ਹਾਂ ਘੋੜੇ ਤੇ ਜੱਥੇ ਦੀ ਅਗਵਾਈ ਕਰ ਰਹੇ ਸਨ ਉਸੇ ਤਰ੍ਹਾਂ ਹੁਣ ਹਾਥੀ ਸਾਰੇ ਜੱਥੇ ਤੋਂ ਅੱਗੇ ਸੀ। ਜਦੋਂ ਦੁਸ਼ਮਨਾਂ ਦਾ ਪੱਲੜਾ ਭਾਰੀ ਹੁੰਦਾ ਦਿਸਿਆ ਤਾਂ ਅਕਾਲੀ ਜੀ ਨੇ ਆਪਣੇ ਸੂਰਮਿਆਂ ਨੁੰ ਵੰਗਾਰ ਕੇ ਆਖਿਆ, ਕੌਮੀ ਅਣਖ਼ ਤੇ ਜਾਨ ਵਾਰਨ ਵਾਲੇ ਯੋਧਿਓ, ਤੁਸੀ ਸਦਾ ਸ਼ਹਾਦਤ ਦੀ ਗੱਲ ਕਰਦੇ ਹੁੰਦੇ ਸੋ, ਅੱਜ ਉਹ ਸੁਭਾਗਾ ਸਮਾਂ ਆ ਗਿਆ ਹੈ। ਹੁਣ ਤੁਹਾਡੇ ਹੱਥ ਹੈ ਕਿ ਉਸ ਕੌਮੀ ਕੀਰਤੀ ਨੂੰ, ਜਿਸ ਨੂੰ ਆਪ ਦੇ ਬਜ਼ੁਰਗਾਂ ਨੇ ਲੱਖਾਂ ਸੀਸ ਵਾਰ ਕੇ ਤੇ ਲਹੂ ਦੀਆ ਨਦੀਆਂ ਵਹਾ ਕੇ ਕਾਇਮ ਕੀਤਾ ਹੈ, ਅੱਜ ਦੁੱਗਣੀ ਕਰ ਦਿਉ। ਗੁਰੂ ਨਾ ਕਰੇ ਜੇ ਪਿੱਛੇ ਹਟੇ ਤਾਂ ਕਈ ਸਾਲਾਂ ਦੀਆ ਘਾਲਾਂ ਉੱਤੇ ਪਾਣੀ ਫਿਰ ਜਾਵੇਗਾ। ਖਾਲਸੇ ਲਈ ਯੁੱਧ ਵਿਚ ਮਰਨ, ਤੇ ਉਹ ਵੀ ਆਪਣੇ ਜਾਨ ਤੋਂ ਪਿਆਰੇ ਖਾਲਸਾ ਰਾਜ ਲਈ, ਤੋਂ ਵੱਧ ਖੁਸ਼ੀ ਕੀ ਹੋ ਸਕਦੀ ਹੈ? ਤੁਹਾਡੀਆਂ ਰਗਾਂ ਵਿਚ ਦਸ਼ਮੇਸ਼ ਪਿਤਾ ਦਾ ਖ਼ੂਨ ਹੈ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਹੈ। ਆਉ ਅੱਗੇ ਵਧੋ ਤੇ ਦੁਸ਼ਮਨਾਂ ਨੂੰ ਕੁਚਲਦੇ ਹੋਏ, ਖਾਲਸੇ ਗੁਰੂ ਵੱਲੋਂ ਬਖ਼ਸ਼ੀ ਕਿਰਪਾਨ ਦੀ ਸ਼ਕਤੀ ਵਿਖਾਓ। ਉਤਰ ਪਵੋ ਘੋੜਿਆਂ ਤੋਂ ਧੂਹ ਲਉ ਕਿਰਪਾਨਾਂ ਤੇ ਇਹਨਾਂ ਨੂੰ ਗਾਜ਼ੀਆਂ ਦੇ ਖੁਨ ਨਾਲ ਨਹਾਓ।

ਅਕਾਲੀ ਜੀ ਦੀ ਇਹ ਛੋਟੀ ਜਿਹੀ ਵੰਗਾਰ ਸੀ ਜਾਂ ਬਿਜਲੀ ਦਾ ਧੱਕਾ, ਜਿਸ ਨੇ ਫੌਜਾਂ ਵਿਚ ਇਕ ਨਵੀਂ ਜਾਨ ਫੂਕ ਦਿੱਤੀ, ਉਹ ਜੋਸ਼ ਭਰਿਆ ਕਿ ਸਾਰੇ ਸਿੰਘ ਘੋੜਿਆਂ ਤੋਂ ਉਤਰ ਪਏ ਤੇ ਦੁਸ਼ਮਨਾਂ ਤੇ ਟੁੱਟ ਕੇ ਪੈ ਗਏ।ਉਹ ਦੁਸ਼ਮਨ ਦੀਆਂ ਸਫਾਂ ਨੂੰ ਚੀਰਦੇ ਹੋਏ ਇਸ ਤਰ੍ਹਾਂ ਅੱਗੇ ਵਧੇ ਜਿਸ ਬਾਰੇ ਕਦੇ ਕਿਸੇ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ। ਜੰਗ ਵਿਚ ਬਸ ਕਿਰਪਾਨ ਦਿਸਦੀ ਸੀ ਜਾਂ ਦੁਸ਼ਮਨ ਦਾ ਲੱਥਦਾ ਸਿਰ। ਇਕ ਪਾਸੇ ਅਕਾਲ ਅਕਾਲ ਤੇ ਦੂਜੇ ਪਾਸੇ ਅੱਲਾ ਹੂੰ ਅਕਬਰ ਦੇ ਨਾਹਰਿਆਂ ਨੇ ਆਸਮਾਨ ਗੂੰਜਾ ਦਿੱਤਾ। ਏਨੇ ਨੂੰ ਜਰਨਲ ਵੈਨਤੂਰਾ ਵੀ ਤੋਪਖਾਨੇ ਸਮੇਤ ਪੁੱਜ ਗਿਆ। ਉਸ ਨੇ ਮੁਹੰਮਦ ਅਜ਼ੀਮ ਖ਼ਾਨ ਦੀ ਫੌਜ ਨੂੰ, ਜੋ ਦੂਜੀ ਫੌਜ ਨੂੰ ਲੜਾਈ ਵਿਚ ਮਿਲਣ ਹੀ ਵਾਲੀ ਸੀ, ਉੱਥੇ ਹੀ ਰੋਕ ਦਿੱਤਾ। ਕੱਟਾਵੱਢ ਇਸ ਤਰ੍ਹਾਂ ਹੋ ਰਹੀ ਸੀ ਕਿ ਕਈ ਤਕੜੇ ਜੁੱਸਿਆ ਵਾਲੇ ਜਵਾਨ ਗਾਜਰ ਮੂਲੀ ਦੀ ਤਰ੍ਹਾਂ ਵੱਢੇ ਜਾ ਰਹੇ ਸਨ। ਹੁਣ ਖਾਲਸਾ ਫੌਜਾਂ ਦੀ ਕਾਲਰੂਪ ਤਲਵਾਰ ਅੱਗੇ ਪਠਾਣ ਢਿੱਲੇ ਪੈ ਰਹੇ ਸਨ। ਸੂਰਜ ਢਲਣ ਨਾਲ ਪਠਾਣਾ ਦੇ ਦਿਲ ਵੀ ਢਲ ਗਏ। ਸਭ ਤੋਂ ਪਹਿਲਾਂ ਹਿੱਸੇ ਦੇ ਪੈਰ ਉੱਖੜੇ ਜੋ ਅਕਾਲੀ ਜੀ ਦੇ ਜੱਥੇ ਨਾਲ ਜੁਟਿਆ ਹੋਇਆ ਸੀ, ਜਦੋਂ ਦੁਸ਼ਮਨ ਥੋੜਾ ਪਿੱਛੇ ਨੂੰ ਹਟਿਆ ਤਾਂ ਅਕਾਲੀ ਜੀ ਨੇ ਆਪਣੇ ਸੂਰਮਿਆਂ ਨੂੰ ਫਿਰ ਹੌਸਲਾ ਦਿੱਤਾ, ਖਾਲਸਾ ਜੀ ਆਪ ਨੇ ਮੈਦਾਨ ਮਾਰ ਲਿਆ ਹੈ, ਪਰ ਕਿਸੇ ਵੀ ਵੈਰੀ ਨੂੰ ਬਚ ਕੇ ਨਾ ਨਿਕਲਣ ਦਿਉ।

ਸ਼ਹੀਦੀ: ਸਿੰਘਾਂ ਨੇ ਦੁਸ਼ਮਨਾਂ ਨੂੰ ਅੱਗੋਂ ਘੇਰ ਲਿਆ ਤੇ ਜਬਰਦਸਤ ਕੱਟਾਵੱਢ ਹੋਣ ਲੱਗੀ। ਅਕਾਲੀ ਜੀ ਵੀ ਇਸ ਸਮੇਂ ਇੱਥੇ ਪਹੁੰਚ ਗਏ। ਏਨੇ ਵਿਚ ਇਕ ਪਠਾਣ ਜੋ ਕਿ ਪੱਥਰ ਓਹਲੇ ਲੁਕਿਆ ਹੋਇਆ ਸੀ ਨੇ ਅਕਾਲੀ ਜੀ ਤੇ ਗੋਲੀਆਂ ਚਲਾਈਆਂ ਜਿਹਨਾਂ ਵਿਚੋਂ ਤਿੰਨ ਤਾਂ ਮਹਾਵਤ ਨੂੰ ਲੱਗੀਆਂ ਤੇ ਇਕ ਅਕਾਲੀ ਜੀ ਦੀ ਛਾਤੀ ਵਿਚ ਵੱਜੀ।ਮਹਾਵਤ ਜ਼ਮੀਨ ਤੇ ਡਿੱਗ ਪਿਆ। ਅਕਾਲੀ ਜੀ ਦਾ ਸੰਜੋਅ ਕਾਰਨ ਕੁਝ ਬਚਾਅ ਹੋ ਗਿਆ।ਹੁਣ ਦੁਸ਼ਮਨ ਨੇ ਵੀ ਆਪਣਾ ਬਾਕੀ ਬਚਦਾ ਸਾਰਾ ਜੋਸ਼ ਇਸ ਅੰਤਿਮ ਝਪਟ ਵਿਚ ਲਗਾ ਦਿੱਤਾ।ਪਰ ਉਹ ਸਾਰੇ ਪਾਸਿਆਂ ਤੋਂ ਘਿਰ ਚੁੱਕੇ ਸਨ। ਅੰਤ ਪਠਾਣ ਮੈਦਾਨ ਛੱਡ ਕੇ ਭੱਜ ਗਏ। ਇਸ ਭੱਜਾ ਨੱਠੀ ਵਿਚ ਇਕ ਨੱਸੇ ਜਾਂਦੇ ਪਠਾਣ ਨੇ ਗੋਲੀਆਂ ਚਲਾਈਆਂ ਜੋ ਅਕਾਲੀ ਫੂਲਾ ਸਿੰਘ ਨੂੰ ਲੱਗੀਆਂ। ਉਸ ਪਠਾਣ ਦੇ ਤਾਂ ਕਰਨਲ ਮਹਾਂ ਸਿੰਘ ਨੇ ਕਿਰਪਾਨ ਨਾਲ ਡੱਕਰੇ ਕਰ ਦਿੱਤੇ, ਪਰ ਅਕਾਲੀ ਜੀ ਦੀ ਹਾਲਤ ਇਸ ਸਮੇ ਬੜੀ ਨਾਜ਼ੁਕ ਹੋ ਗਈ। ਅਕਾਲੀ ਜੀ ਗੋਲੀਆਂ ਵੱਜਦੇ ਹੀ ਹੌਦੇ ਵਿਚ ਢੋ ਲਾ ਕੇ ਲੇਟ ਗਏ। ਜਦੋਂ ਤੱਕ ਹਾਥੀ ਨੂੰ ਬਿਠਾਇਆ ਗਿਆ ਉਸ ਵਖਤ ਤੱਕ ਅਕਾਲੀ ਫੂਲਾ ਸਿੰਘ ਜੀ ਜਾਮ-ਏ-ਸ਼ਹਾਦਤ ਪੀ ਚੁੱਕੇ ਸਨ। ਓਧਰ ਜਰਨਲ ਵੈਨਤੂਰਾ, ਸਰਦਾਰ ਹਰੀ ਸਿੰਘ ਨਲੂਆ ਨੇ ਖੇਸ਼ਗੀ ਦੇ ਮੈਦਾਨ ਵਿਚ ਤੋਪਾਂ ਬੀੜ ਕੇ ਮੁਹੰਮਦ ਅਜ਼ੀਮ ਖ਼ਾਨ ਦੀ ਅਫਗਾਨ ਸੈਨਾ ਤੇ ਓਹ ਗੋਲਾਬਾਰੀ ਕੀਤੀ ਕਿ ਉਹ ਇਕ ਕਦਮ ਵੀ ਅੱਗੇ ਨਾ ਵਧ ਸਕਿਆ। ਜਦ ਅਜ਼ੀਮ ਖ਼ਾਨ ਨੁੰ ਦੂਜੀ ਫੌਜ ਦੇ ਭੱਜ ਜਾਣ ਦੀ ਖ਼ਬਰ ਮਿਲੀ ਤਾਂ ਉਹ ਵੀ ਮੈਦਾਨ ਛੱਡ ਕ ੇਪਿੱਛੇ ਨੂੰ ਛੁਟ ਪਿਆ ਤੇ ਮੁੜ ਕਦੀ ਇਧਰ ਨੂੰ ਮੂੰਹ ਨਹੀਂ ਕੀਤਾ।

ਸਿਖ ਦਲ, ਜੋ ਦੁਸ਼ਮਨਾਂ ਨੂੰ ਦੂਰ ਭਜਾ ਕੇ ਪਿੱਛੇ ਮੁੜਿਆ ਸੀ, ਨੂੰ ਜਦ ਅਕਾਲੀ ਫੂਲਾ ਸਿੰਘ ਜੀ ਦੀ ਸ਼ਹੀਦੀ ਦੀ ਹਿਰਦੇ ਵੇਧਕ ਖ਼ਬਰ ਮਿਲੀ ਤਾਂ ਉਹਨਾਂ ਤੇ ਮਾਨੋ ਬਿਜਲੀ ਡਿੱਗ ਪਈ। ਜੋ ਵੀ ਇਹ ਖ਼ਬਰ ਸੁਣਦਾ ਬਸ ਬੁੱਤ ਬਣ ਕੇ ਖੜ੍ਹਾ ਰਹਿ ਜਾਂਦਾ ਤੇ ਸਿਰਫ ਹੰਝੂ ਹੀ ਵਗ ਰਹੇ ਹੁੰਦੇ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਜੀ ਦੀ ਸ਼ਹੀਦੀ ਦੀ ਖ਼ਬਰ ਮਿਲੀ ਤਾਂ ਉਨ੍ਹਾ ਦੇ ਪੈਰਾਂ ਹੇਠੋਂ ਮਾਨੋ ਜ਼ਮੀਨ ਨਿਕਲ ਗਈ।ਉਹ ਹੋਰ ਮੁਖੀ ਸਰਦਾਰਾਂ ਨਾਲ ਅਕਾਲੀ ਜੀ ਕੋਲ ਪੁੱਜੇ ਤਾਂ ਤੱਕ ਕੇ ਜਿਵੇ ਦਿਲ ਹੀ ਪਾਟ ਗਿਆ ਹੋਵੇਂ ਅੱਖਾਂ ਵਿਚੋਂ ਪਤਾ ਨਹੀਂ ਕਿੰਨੇ ਸਮੁੰਦਰ ਹੌਝੂਆਂ ਰਾਹੀਂ ਵਹਿ ਗਏ। ਮਹਾਰਾਜਾ ਆਪਣੇ ਸਰਦਾਰਾਂ ਅੱਗੇ ਏਨਾ ਕਮਜ਼ੋਰ ਦਿਲ ਨਹੀਂ ਦਿਸਣਾ ਚਾਹੁੰਦਾ ਸੀ ਪਰ ਹਾਲਾਤ ਉਸ ਦੇ ਵੱਸ ਤੋਂ ਬਾਹਰ ਸੀ। ਅਕਾਲੀ ਜੀ ਦੀ ਦ੍ਰਿੜਤਾ, ਚਿਹਰੇ ਤੇ ਨੂਰ, ਨਿਰਭੈਤਾ ਉਸੇ ਤਰ੍ਹਾਂ ਕਾਇਮ ਸੀ। ਹੌਦੇ ਨੂੰ ਢੋ ਲਾ ਕੇ ਲੇਟੇ ਹੋਏ ਉਹ ਇੰਜ ਪ੍ਰਤੀਤ ਹੋ ਰਹੇ ਸਨ ਮਾਨੋ ਜਿਵੇਂ ਸਾਰਾ ਦਿਨ ਜੰਗ ਵਿਚ ਕਿਰਪਾਨ ਚਲਾਉਦੇ ਹੋਏ ਆਥਣ ਨੂੰ ਥੱਕ ਕੇ ਆਰਾਮ ਕਰ ਰਹੇ ਹੋਣ। ਮਹਾਰਾਜਾ ਸਾਹਿਬ ਨੇ ਇਕ ਸ਼ਾਲ ਮੰਗਵਾਈ ਤੇ ਸ਼ਹੀਦ ਦੇ ਸਰੀਰ ਉੱਤੇ ਪਾ ਦਿੱਤੀ। ਬਹੁਤ ਚਿਰ ਸਾਰੇ ਸੁੰਨ ਹੋ ਕੇ ਉਸੇ ਥਾਂ ਬੈਠੇ ਰਹੇ। ਕਾਫੀ ਰਾਤ ਬੀਤ ਜਾਣ ਤੇ ਮਹਾਰਾਜਾ ਭਰੇ ਮਨ ਨਾਲ ਆਪਣੇ ਡੇਰੇ ਵਲ ਪਰਤੇ। ਅਗਲੀ ਸਵੇਰ ਅਕਾਲੀ ਜੀ ਦਾ ਸਸਕਾਰ ਦਰਿਆ ਦੇ ਕਿਨਾਰੇ ਸਾਰੇ ਸਨਮਾਨਾਂ ਨਾਲ ਕੀਤਾ ਗਿਆ। ਮਹਾਰਾਜੇ ਸਮੇਤ ਸਾਰੇ ਸਰਦਾਰ ਤੇ ਖਾਲਸਾ ਫੌਜ ਆਪਣੇ ਜਾਂਬਾਜ਼ ਜਰਨੈਲ ਦੇ ਅੰਤਿਮ ਦਰਸ਼ਨਾਂ ਨੂੰ ਪਹੂੰਚੀ। ਸ਼ੇਰਿ ਪੰਜਾਬ ਨੇ ਸਾਰੇ ਖਾਲਸਾ ਦਲ ਨੂੰ ਸੰਬੋਧਨ ਹੋ ਕੇ ਅਕਾਲੀ ਜੱਥੇ ਦੀ ਅਮੋਲਕ ਸੇਵਾ ਤੇ ਬਹਾਦਰੀ ਦੀ ਬੜੇ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕੀਤੀ। ਆਪ ਨੇ ਅਕਾਲੀ ਫੂਲਾ ਸਿੰਘ ਜੀ ਦੀ ਸ਼ਹੀਦੀ ਨੂੰ ਖਾਲਸਾ ਰਾਜ ਦੇ ਇਕ ਵੱਡੇ ਥੰਮ ਦਾ ਟੁੱਟ ਜਾਣਾ ਦੱਸਿਆ। ਮਹਾਰਾਜਾ ਸਾਹਿਬ ਏਨੇ ਵੈਰਾਗ ਵਿਚ ਸਨ ਕਿ ਜਦੋਂ ਵੀ ਉਹਨਾਂ ਨੇ ਅਕਾਲੀ ਜੀ ਦਾ ਨਾਮ ਲਿਆ ਉਹਨਾਂ ਦਾ ਗਲ ਭਰ ਆਇਆ। ਸਸਕਾਰ ਤੋਂ ਬਾਅਦ ਮਹਾਰਾਜਾ ਸਾਹਿਬ ਨੇ ਅਕਾਲੀ ਜੀ ਦੀ ਯਾਦਗਾਰ ਇਸੇ ਥਾਂ ਹੀ ਕਾਇਮ ਕਰਨ ਦਾ ਹੁਕਮ ਦਿੱਤਾ।

ਇਸ ਲੜਾਈ ਵਿਚ ਮਹਾਰਾਜੇ ਨੂੰ ਜਿੱਤ ਦੀ ਆਸ ਬਹੁਤ ਘੱਟ ਸੀ। ਇਹ ਕੇਵਲ ਅਕਾਲੀ ਫੂਲਾ ਸਿੰਘ ਜੀ ਦੀ ਨਿਰਭੈ ਸੂਰਬੀਰਤਾ ਦਾ ਸਿੱਟਾ ਸੀ ਕਿ ਖਾਲਸਈ ਫੌਜਾਂ ਨੂੰ ਇੱਥੇ ਫਤਹਿ ਪ੍ਰਾਪਤ ਹੋਈ।ਇਸ ਜਿੱਤ ਦਾ ਅਸਰ ਸਰਹੱਦ ਤੇ ਇਹ ਹੋਇਆ ਕਿ ਜਮਰੌਦ ਤੋ ਲੈ ਕੇ ਮਾਲਾਕੰਡ ਤੇ ਰੁਸਤਮ (ਬੁਨੇਰ ਤੋ ਖਟਕ) ਤੱਕ ਸਾਰਾ ਇਲਾਕਾ ਖਾਲਸਾ ਰਾਜ ਦੇ ਅਧੀਨ ਆ ਗਿਆ। ਇਹ ਉਹੀ ਸਰਹੱਦੀ ਇਲਾਕਾ ਸੀ ਜਿਸ ਨੂੰ ਜਿੱਤਣ ਲਈ ਅਕਬਰ ਤੇ ਜਹਾਂਗੀਰ ਜਿਹੇ ਸ਼ਹਿਨਸ਼ਾਹਾਂ ਨੂੰ ਮੁੱਦਤਾਂ ਤੱਕ ਲੜਨਾ ਪਿਆ ਤੇ ਬੀਰਬਲ ਵਜ਼ੀਰ ਨੂੰ ਆਪਣੀ ਜਾਨ ਵਾਰਨੀ ਪਈ ਸੀ। ਅੱਜ ਉਹੀ ਇਲਾਕਾ ਕਿਰਪਾਨ ਨਾਲ ਸੋਧਿਆ ਹੋਇਆ ਖਾਲਸੇ ਨੂੰ ਸਲਾਮ ਕਰ ਰਿਹਾ ਸੀ। ਦੂਜਾ ਇਸ ਲੜਾਈ ਨੇ ਪਠਾਣਾ ਦੇ ਦਿਲਾਂ ਵਿਚ ਖਾਲਸੇ ਪ੍ਰਤੀ ਉਹ ਡਰ ਪੈਦਾ ਕਰ ਦਿੱਤਾ ਜੋ ਉਹਨਾਂ ਨੂੰ ਸੁਪਨਿਆਂ ਵਿਚ ਵੀ ਟਿਕਣ ਨਹੀਂ ਸੀ ਦਿੰਦਾ।ਇਸ ਲੜਾਈ ਵਿਚੋਂ ਬਚੇ ਹੋਏ ਕੁਝ ਗਾਜ਼ੀਆਂ ਵਿਚੋਂ ਮੁੱਲਾਂ ਰਸ਼ੀਦ ਵੀ ਸੀ, ਜੋ ਬੜਾ ਜੋਸ਼ੀਲਾ ਸਿਪਾਹੀ ਤੇ ਇਲਾਕੇ ਦਾ ਪ੍ਰਸਿੱਧ ਮੌਲਵੀ ਸੀ।ਇਸ ਲੜਾਈ ਵਿਚ ਜਦ ਇਸ ਨੇ ਸਿੰਘਾਂ ਦੇ ਹੱਥ ਡਿੱਠੇ ਤਾਂ ਇਸ ਤੇ ਖਾਲਸੇ ਦਾ ਅਜਿਹਾ ਭੈ ਛਾਇਆ ਕਿ ਮੁੜ ਇਸ ਨੇ ਸਾਰੀ ਜਿੰਦਗੀ ਸਿੰਘਾਂ ਵਿਰੁੱਧ ਜਿਹਾਦ ਦਾ ਨਾ ਵੀ ਨਹੀਂ ਲਿਆ। ਕੁਝ ਸਮੇਂ ਪਿੱਛੋਂ ਜਦ ਇਸ ਨੂੰ ਕਿਸੇ ਨੇ ਪੁੱਛਿਆ ਕਿ ਫੇਰ ਸਿੰਘਾਂ ਨਾਲ ਜਿਹਾਦ ਕਰੋਗੇ, ਤਾਂ ਮੁੱਲਾਂ ਨੇ ਜਵਾਬ ਦਿੱਤਾ ਕਿ ਸਿੰਘਾਂ ਨਾਲ ਸਾਹਮਣੇ ਲੜਣ ਦਾ ਇਰਾਦਾ ਤਾਂ ਮੈ ਹੁਣ ਸਦਾ ਲਈ ਛੱਡ ਦਿੱਤਾ ਹੈ, ਹਾਂ ਪਰ ਇਕ ਸੂਰਤ ਵਿਚ ਮੈਂ ਇਰਾਦਾ ਬਦਲ ਸਕਦਾ ਹਾਂ ਕਿ ਮੈਨੂੰ ਕੋਈ ਏਨਾ ਲੰਮਾ ਨੇਜ਼ਾ ਬਣਾ ਦਿੱਤਾ ਕਿ ਮੈ ਦੂਰ ਪਹਾੜਾਂ ਤੋ ਬੈਠ ਕੇ ਪੰਜਾਬ ਵਿਚ ਸਿੰਘਾਂ ਨੂੰ ਮਾਰ ਸਕਾਂ, ਪਰ ਜੇ ਤੁਸੀਂ ਕਦੀ ਆਖੋ ਕਿ ਮੈਦਾਨ ਵਿਚ ਸਿੰਘਾਂ ਨਾਲ ਹੱਥੋ ਹੱਥ ਲੜ ਸਕਾਂ ਤਾਂ ਇਹ ਮੇਰੇ ਤੋਂ ਨਹੀਂ ਹੋ ਸਕਦਾ।

ਅਕਾਲੀ ਬਾਬਾ ਫੂਲਾ ਸਿੰਘ ਜੀ ਇਕ ਐਸੇ ਯੋਧੇ ਜਰਨੈਲ ਸਨ ਜਿਹਨਾਂ ਨੇ ਖਾਲਸਾ ਰਾਜ ਲਈ ਲੜੀਆਂ ਕਈ ਜੰਗਾਂ ਆਪਣੇ ਦਮ ਤੇ ਜਿੱਤੀਆਂ। ਅਕਾਲੀ ਜੀ ਦਾ ਚਿਹਰਾ ਨੂਰਾਨੀ ਸੀ ਤੇ ਇਹ ਨੂਰ ਸੀ ਗੁਰਬਾਣੀ ਦਾ। ਅਕਾਲੀ ਜੀ ਅੰਮ੍ਰਿਤ ਵੇਲੇ ਨਿੱਤਨੇਮ ਦੇ ਨਾਲ ਆਸਾ ਦੀ ਵਾਰ ਵੀ ਰੋਜ਼ ਪੜਦੇ ਸਨ। ਉਹ ਭਾਵੇਂ ਰਣਭੂਮੀ ਵਿਚ ਵੀ ਹੁੰਦੇ ਉਹਨਾਂ ਨੇ ਕਦੇ ਸਵੇਰੇ ਸ਼ਾਮ ਦਾ ਨਿੱਤਨੇਮ ਨਹੀਂ ਖੁੰਝਣ ਦਿੱਤਾ ਸੀ। ਅਕਾਲੀ ਜੀ ਦੀਆਂ ਅੱਖਾਂ ਵਿਚ ਐਸਾ ਤੇਜ ਸੀ ਕਿ ਸਾਹਮਣੇ ਵਾਲਾ ਬਹੁਤੀ ਦੇਰ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਨਹੀਂ ਕਰ ਸਕਦਾ ਸੀ। ਮੁਲਤਾਨ ਦੀ ਲੜਾਈ ਵਿਚ ਜਦ ਉਹ ਅਚਾਨਕ ਨਵਾਬ ਮੁਜ਼ੱਫਰ ਖ਼ਾਨ ਦੇ ਅੱਗੇ ਆਏ ਤਾਂ ਉਸ ਤੇ ਐਸਾ ਪ੍ਰਭਾਵ ਪਿਆ ਕਿ ਸੂਤੀ ਹੋਈ ਤਲਵਾਰ ਨਵਾਬ ਦੇ ਹੱਥ ਵਿਚੋਂ ਡਿੱਗ ਪਈ। ਬੋਲਾਂ ਵਿਚ ਏਨੀ ਸ਼ਕਤੀ ਭਰੀ ਹੋਈ ਸੀ ਕਿ ਮੁਰਦਿਆਂ ਵਿਚ ਜਾਨ ਭਰ ਦਿੰਦੇ। ਗ੍ਰਿਫਨ ਅਕਾਲੀ ਜੀ ਦੀ ਬਹਾਦਰੀ ਅੱਗੇ ਸਿਰ ਝੁਕਾਉਂਦਾ ਹੋਇਆ ਕਹਿੰਦਾ ਹੈ, ਭਾਵੇਂ ਉਹ ਕਾਨੂੰਨ ਦਾ ਅਨੁਸਾਰੀ ਨਹੀਂ ਸੀ, ਪਰ ਉਹ ਅੰਤਾਂ ਦਾ ਦਲੇਰ, ਮਹਾਬੀਰ ਤੇ ਅਣਖੀਲਾ ਯੋਧਾ ਸੀ। ਆਪਣੀ ਅੰਤਿਮ ਲੜਾਈ ਵਿਚ ਪਠਾਣਾ ਤੇ ਫਤਿਹ ਪਾਉਣੀ ਨਿਰੋਲ ਫੂਲਾ ਸਿੰਘ ਦੀ ਨਿਰਭੈਤਾ ਤੇ ਵਰਯਾਮਤਾ ਦਾ ਫਲ ਸੀ।

ਭਾਵੇਂ ਕੋਈ ਅਕਾਲੀ ਫੂਲਾ ਸਿੰਘ ਜੀ ਦੇ ਕੰਮ ਕਰਨ ਦੇ ਤਰੀਕੇ ਨਾਲ ਸੰਮਤੀ ਭੇਦ ਰੱਖਦਾ ਹੋਵੇ, ਪਰ ਇਸ ਗੱਲ ਵਿਚ ਸਾਰੇ ਸਹਿਮਤ ਹਨ ਕਿ ਉਹ ਇਕ ਅਦੁੱਤੀ ਬਹਾਦਰ ਤੇ ਉੱਚੇ ਆਚਰਨ ਵਾਲਾ ਜਬਰਦਸਤ ਜਰਨੈਲ ਸੀ, ਜਿਸ ਨੇ ਆਪਣੇ ਜੱਥੇ ਵਿਚ ਐਸੇ ਸੂਰਬੀਰ ਯੋਧੇ ਪੈਦਾ ਕੀਤੇ, ਜਿਨ੍ਹਾਂ ਨੇ ਵੱਡੇ ਵੱਡੇ ਲਸ਼ਕਰਾਂ ਉੱਤੇ ਫਤਹਿ-ਯਾਬੀਆਂ ਪਾਈਆਂ ਤੇ ਉਹ ਆਪਣੇ ਸ਼ੁਭ ਸਦਾਚਾਰ ਤੇ ਧਾਰਮਕ ਜੀਵਨ ਦੇ ਅਦੁੱਤੀ ਨਮੂਨੇ ਸਨ।ਸਭ ਤੋਂ ਵਾਧੇ ਦੀ ਗੱਲ ਇਹ ਹੈ ਕਿ ਇਹ ਬਹਾਦਰ ਕਠਨ ਤੋਂ ਕਠਨ ਔਕੜਾਂ ਵਿਚ ਭੀ ਸਦਾ ਸਭ ਤੋਂ ਮੂਹਰੇ ਰਹਿਦੇ ਸਨ। (ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ)

ਨਿਹੰਗ ਕਹਾਵੈ ਸੋ ਪੁਰਖ ਦੁਖ ਸੁਖ ਮਾਨੈ ਨਾ ਅੰਗ (ਪ੍ਰਾਚੀਨ ਪੰਥ ਪ੍ਰਕਾਸ਼)

ਅੰਤ ਵਿਚ ਅਕਾਲੀ ਫੂਲਾ ਸਿੰਘ ਜੀ ਦੇ ਸੱਚੇ ਵਾਰਸਾਂ ਨੂੰ ਇਕ ਬੇਨਤੀ ਕਰਦੇ ਹਾਂ ਕਿ ਜੇ ਅੱਜ ਕੌਮ ਘੂਕ ਸੌਂ ਰਹੀ ਹੈ ਤਾਂ ਇਸ ਵਿਚ ਦੋਸ਼ ਤੁਹਾਡਾ ਹੈ, ਜੇ ਪੁਰਾਤਨ ਮਰਿਆਦਾ ਅਲੋਪ ਹੋ ਰਹੀ ਹੈ, ਜੇ ਪੰਥ ਅਤੇ ਗੁਰਦਵਾਰਿਆਂ ਵਿਚ ਕੁਰੀਤੀਆਂ ਵਧ ਰਹੀਆਂ ਹਨ ਤਾਂ ਜਿਮੇਵਾਰ ਤੁਸੀ ਆਪ ਹੋ। ਸੋ ਕੰਬਲਾਂ ਦੀਆਂ ਬੁੱਕਲਾਂ ਲਾਹੋ ਤੇ ਰਜਾਈਆਂ ਦਾ ਨਿੱਘ ਤਿਆਗ ਕੇ ਪੰਥ ਅਤੇ ਪੰਜਾਬ ਦੇ ਬਚਾਅ ਲਈ ਜ਼ਾਲਮਾਂ ਮੂਹਰੇ ਡਟ ਜਾਵੋ। ਅਸੀਂ ਅਕਾਲੀ ਫੂਲਾ ਸਿੰਘ, ਸਰਦਾਰ ਸ਼ਾਮ ਸਿੰਘ ਅਟਾਰੀ, ਸਰਦਾਰ ਹਰੀ ਸਿੰਘ ਨਲੂਏ ਦੇ ਵਾਰਸ ਹਾਂ ਜਿਹੜੇ ਅੰਤਿਮ ਸਾਹ ਤੱਕ ਖਾਲਸਾ ਰਾਜ ਲਈ ਜੂਝੇ। ਸੋ ਸਾਨੂੰ ਵੀ ਸ਼ੰਘਰਸ਼ ਕਰਨਾ ਪਵੇਗਾ ਤਾਂ ਕੇ ਗੁਰਾਂ ਦੇ ਨਾ ਤੇ ਵੱਸਦਾ ਪੰਜਾਬ ਸਦਾ ਆਬਾਦ ਰਹਿ ਸਕੇ।

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use