Jump to content

Haul by Roop Dhillon (Panjabi horror story)


dallysingh101
 Share

Recommended Posts

Here's a first draft of this. The words in red are ones I didn't know. I've stuck some of the definitions of the harder words at the bottom, for those who want to read a little something modern and fresh in Panjabi:

 

 

ਹੌਲ
    ਰੂਪ ਢਿੱਲੋਂ


ਪਰਿਚੈ

    ਅੱਗ ਨਾਲ਼ ਜਲ਼ਦਾ ਹੋਇਆ ਬੰਦਾ ਹਵਾਈ ਜਹਾਜ਼ ਦੇ ਮਲਬੇ ਵਿੱਚੋਂ ਨਿਕਲਿਆ। ਉਸ ਦਾ ਜੁੱਸਾ ਅੱਗ ਨਾਲ਼ ਤਪਦਾ ਸੀ ਜਿਵੇਂ ਇੱਕ ਮੋਮਬੱਤੀ ਦੀ ਲਾਟ ਵਿੱਚ ਲਪੇਟਿਆ ਹੋਵੇ; ਨਾਲ਼ੋਂ ਨਾਲ਼ ਉਸ ਦਾ ਮਾਸ ਉੱਬਲਕੇ ਪਿਘਲਦਾ ਸੀ। ਬਲ਼ਦਾ ਬਲ਼ਦਾ ਇਸ ਹਾਲ ਵਿੱਚ ਸਿੱਧਾ ਸੜਕ ਉੱਤੇ ਆ ਚੜ੍ਹਿਆ। ਇੱਕ ਪਲ ਵਾਸਤੇ ਉਸ ਦੀ ਨਿਗ੍ਹਾ ਮੇਰੇ ਵੱਲ ਟਿਕੀ ਫੇਰ ਉਸ ਨੇ ਆਪਣੇ ਹੱਥ ਧਰਤ ਉੱਤੇ ਧਰ ਲਏ ਅਤੇ ਜਾਨਵਰਾਂ ਵਾਂਗਰ ਹੱਥ ਪੈਰਾਂ ਉੱਤੇ ਉੱਥੋਂ ਉਜਾੜ ਦੇ ਓਲ੍ਹੇ ਨੱਸ ਗਿਆ।

    ਓਦੋਂ ਪਤਾ ਨਹੀਂ ਸੀ ਕਿ ਇਹ ਖ਼ੌਫਨਾਕ ਸੁਪਨਾ ਇੱਕ ਖੁੜਕਣਾ ਹੈ। ਇੱਕ ਕਿਸਮ ਦੀ ਚਿਤਾਵਣੀ ਸੀ। ਜਦ ਵੀ ਇਹ ਡਰਾਉਣਾ ਸੁਪਨਾ ਆਉਂਦਾ ਸੀ, ਮੈਂ ਉੱਠਦਾ ਸਾਂ, ਬੇਦਮ, ਮੁੜ੍ਹਕੋ ਮੁੜ੍ਹਕੀ ਅਤੇ ਕੰਬਦਾ, ਜਿਵੇਂ ਹਵਾ ਵਿੱਚ ਕਾਹੀ ਫਰ ਫਰ ਕਰਦੀ ਹੈ।

    ਪਰ ਜਿਓਂ ਜਿਓਂ ਵਕਤ ਬੀਤਿਆ, ਸੱਚ ਮੁੱਚ ਚਿਤਾਵਣੀ ਹੀ ਨਿਕਲੀ; ਕਿਉਂਕਿ ਜਿਸ ਘਰ ਵਿੱਚ ਵਿਸਾਖੀ ਦੀਆਂ ਛੁੱਟੀਆਂ ਮਨਾਈਆਂ, ਉਸ ਮਕਾਨ ਨੂੰ ਅੱਗ ਨੇ ਛਕ ਲਿਆ ਸੀ ਅਤੇ ਅਸੀਂ ਸਾਰੇ ਉਸ ਵੇਲੇ ਅੰਦਰ ਹੀ ਸਾਂ। ਅਗਾਂਹ ਮੈਂ ਤੁਹਾਨੂੰ ਦੱਸਾਂਗਾ ਕਿਸਮਤ ਨੇ ਕਿਸ ਨੂੰ ਬਚਾ ਦਿੱਤਾ ਸੀ ਅਤੇ ਕਿਸ ਨੂੰ ਨਹੀਂ ਬਚਾ ਸਕੀ। ਜੀਵਨ ਵਿੱਚ ਉਸ ਦੌਰ ਤੋਂ ਬਾਅਦ ਬਹੁਤ ਔਖਿਆਈਆਂ ਆਈਆਂ। ਹਰ ਔਖਿਆਈ ਦੀ ਜੜ੍ਹ ਉਹ ਰਾਤ ਹੀ ਸੀ। ਮਕਾਨ ਦੇ ਸਾੜਨ ਤੋਂ ਬਾਅਦ ਉਸ ਕਾਲ਼ੀ ਰਾਤ ਵੇਲੇ ਕੀ ਹੋਇਆ ਅਤੇ ਅਗਾਂਹ ਕੀ ਹੋਇਆ; ਹੁਣ ਸਭ ਦੱਸਣ ਲਈ ਤਿਆਰ ਹਾਂ।

    ਕਿਵੇਂ ਹੋਇਆ ਅਤੇ ਜਿਵੇਂ ਹੋਇਆ ਮੈਂ ਦੱਸ ਸਕਦਾ ਹਾਂ, ਪਰ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਮੇਰੀ ਨੂੰ ਸੱਚਾ ਮੰਨਦੇ ਹੋ ਜਾਂ ਏਸ ਦੀ ਗਵਾਹੀ ਭਰ ਦੇ ਹੋ। ਮੈਂ ਆਪਣੇ ਵੱਲੋਂ ਤਾਂ ਜੋ ਬੀਤਿਆ ਹੈ ਉਸ ਬਾਰੇ ਹੀ ਦੱਸ ਰਿਹਾ ਹਾਂ। ਖ਼ੈਰ ਜਿੰਨਾ ਮੇਰੀ ਸੋਚ ਸਮਝ ਵਿੱਚ ਹੈ।

    ਇੱਕ ਵਰ੍ਹੇ ਪਹਿਲਾਂ ਦੀ ਗੱਲ ਹੈ।

    ਉਂਝ ਮੈਂ ਪੰਜਾਬੀ ਹਾਂ ਪਰ ਪੰਜਾਬ ਦਾ ਨਹੀਂ। ਮੈਂ ਇੰਗਲੈਂਡ ਦਾ ਜੰਮਿਆ ਪਲਿਆ ਹਾਂ। ਉਸ ਪੀੜ੍ਹੀ ਦਾ ਹਾਂ ਜਿਸ ਦੇ ਮਾਂ-ਪੇ ਇੱਥੇ ( ਮੇਰੇ  ਲਈ ਇੱਥੇ ਪੰਜਾਬ ਨਹੀਂ ਪਰ ਵਲਾਇਤ ਹੈ) ਸੱਠਵੇ ਦਹਾਕੇ ਵਿੱਚ ਆਏ ਸਨ। ਇਸ ਦਾ ਮਤਲਬ ਮੈਂ ਉਨ੍ਹਾਂ ਦੇ ਲਹਿਜੇ ਦੇ ਹਿਸਾਬ ਨਾਲ਼ ਪੰਜਾਬੀ ਬੋਲ ਲੈਂਦਾ, ਪਰ ਪੜ੍ਹ ਲਿਖ ਨਹੀਂ ਸਕਦਾ ਅਤੇ ਨਾ ਹੀ ਠੇਠ ਪੰਜਾਬੀ ਦੇ ਹਿਸਾਬ ਨਾਲ਼ ਬੋਲ ਸਕਦਾ ਹਾਂ। ਉਂਝ ਇਹ ਗੱਲ ਮੇਰੀ ਸਾਰੀ ਪੀੜ੍ਹੀ ਵਾਸਤੇ ਇੰਝ ਹੀ ਹੈ। ਸਾਥੋਂ ਬਾਅਦ ਜੰਮੇ-ਪਲੇ ਬਰਤਾਨਵੀ ਪੰਜਾਬੀ ਤਾਂ ਇਕੱਲੀ ਇੰਗਲਿਸ਼ ਬੋਲ ਲਿਖ ਸਕਦੇ ਹਨ। ਇਹ ਵੀ ਤਾਂ ਹੈ ਕਿਉਂਕਿ ਅਸੀਂ ਮਾਂ-ਪੇ ਨਾਲ਼ ਪੰਜਾਬੀ ਬੋਲ਼ ਲੈਂਦੇ ਹਾਂ ਪਰ ਆਪਸ ਵਿੱਚ ਅਤੇ ਆਪਣਿਆਂ ਨਿਆਣਿਆਂ ਨਾਲ਼ ਸਿਰਫ਼ ਅੰਗ੍ਰੇਜ਼ੀ ਵਿੱਚ ਗੱਲ ਬਾਤ ਕਰਦੇ ਹਾਂ। ਨਾਲ਼ੇ ਜਦ ਆਲੇ ਦੁਆਲ਼ੇ ਅੰਗ੍ਰੇਜ਼ੀ ਹੀ ਹੈ ਉਸ ਦਾ ਅਸਰ ਤਾਂ ਸਾਡੇ ਉੱਤੇ ਹੋਣਾ ਹੀ ਸੀ। ਸੋ ਤੁਹਾਨੂੰ ਮੇਰਾ ਯੂ.ਕੇ ਦਾ ਲਹਿਜਾ ਜਾਂ ਵਾਕ ਬਣਤਰ ਥੋੜ੍ਹੀ ਬਹੁਤ ਗ਼ੈਰ ਮੁਲਕੀ ਲੱਗੇਗੀ, ਪਰ ਮੈਨੂੰ ਲੱਗਦਾ ਜੋ ਕਹਿਣਾ ਚਾਹੁੰਦਾ ਹਾਂ ਤੁਹਾਡੇ ਪੱਲੇ ਪੈ ਜਾਵੇਗਾ।

    ਜੇ ਮੇਰੇ ਤੌਰ ਤਰੀਕੇ ਜਾਂ ਉਪਬੋਲੀ ਤੁਹਾਨੂੰ ਅਜੀਬ ਲੱਗਦੇ ਨੇ ਜਾਂ ਖ਼ਿਆਲ ਤੁਹਾਡੇ ਖ਼ਿਆਲਾਂ ਤੋਂ ਜ਼ਿਆਦੇ ਖੁੱਲ੍ਹੇ ਹਨ; ਇਸ ਦਾ ਇਲਜ਼ਾਮ ਤੁਹਾਡੇ ਤੰਗ ਦਿਮਾਗ਼ ਵਾਲੇ ਸਮਾਜ ਉੱਤੇ ਹੈ ਜਾਂ ਸਾਡੇ ਮਾਂ-ਪੇ ‘ਤੇ, ਜੋ ਪੰਜਾਬ ਤੋਂ ਨੱਸ ਕੇ ਇੱਥੇ ਆ ਚੁੱਕੇ ਸੀ। ਜਦ ਕੋਈ ਆਪਣੇ ਦੇਸ਼ ਨੂੰ ਛੱਡਦਾ ਹੈ, ਖ਼ਾਸ ਕਰ ਹਮੇਸ਼ਾ ਵਾਸਤੇ, ਉਹ ਆਪਣਾ ਸਭ ਕੁਝ ਪਿੱਛੇ ਛੱਡ ਜਾਂਦਾ ਹੈ। ਮਾਂ-ਬੋਲੀ, ਰਹਿਣ ਸਹਿਣ ਅਤੇ ਲੋਕ ਸੱਭਿਆਚਾਰ। ਜਦ ਕੋਈ ਪਰਵਾਸੀ ਬਾਹਰ ਪੱਕਾ ਹੋਣਾ ਚਾਹੁੰਦਾ ਹੈ ਉਸ ਨੂੰ ਜਿਸ ਮੁਲਕ ਵਿੱਚ ਰਹਿਣ ਦਾ ਮੌਕਾ ਮਿਲਦਾ ਉਸ ਜਗ੍ਹਾ ਦੇ ਹਿਸਾਬ ਨਾਲ਼, ਕਲਚਰ ਦੇ ਹਿਸਾਬ ਨਾਲ਼ ਰਹਿਣਾ ਪੈਂਦਾ ਹੈ। ਉਸ ਪਰਵਾਸੀ ਦੀ ਔਲਾਦ ਨੇ ਪੁਰਾਣੇ ਮੁਲਕ ਦੇ ਸੱਭਿਆਚਾਰ ਨਾਲ਼ ਪੂਰਾ ਜੁੜ ਨਹੀਂ ਹੋਣਾ। ਜਿਹੜੇ ਹਿੱਸੇ ਉਸ ਔਲਾਦ ਨੂੰ ਪਸੰਦ ਹਨ ਉਸ ਨੇ ਰੱਖਣੇ ਨੇ ਕਿਉਂਕਿ ਨਵੇਂ ਮੁਲਕ ਵਿੱਚ ਪਲੀ ਹੈ। ਉਸ ਨੇ ਆਲ਼ੇ ਦੁਆਲ਼ੇ ਜਨਤਾ ਵਾਂਗ ਹੋਣਾ ਚਾਹੁਣਾ ਹੈ। ਮਾਂ-ਪੇ ਦੇ ਖ਼ਿਆਲ, ਪਿਛੋਕੜ ਅਤੇ ਸੋਚ ਉਸ ਔਲਾਦ ਵਾਸਤੇ ਬੇਗਾਨੇ ਹਨ। ਲੋਕਲ ਕਲਚਰ ਉਸ ਦਾ ਸੱਚਾ ਕਲਚਰ ਹੈ। ਬਾਹਰ ਜਾਣ ਵਾਲ਼ੇ ਪੰਜਾਬੀ ਜਦ ਪੰਜਾਬ ਨੂੰ ਛੱਡਣ ਦਾ ਫ਼ੈਸਲਾ ਲੈਂਦੇ ਨੇ, ਤਾਂ ਆਪਣਾ ਸਾਰਾ ਕੁਝ ਨਾਲ਼ ਲੈ ਕੇ ਨਹੀਂ ਜਾਹ ਸਕਦੇ। ਪੰਜਾਬੀ ਸੋਚ ਅਤੇ ਪੱਛਮੀ ਸੋਚ ਇੱਕ ਦੂਜੇ ਨਾਲ਼ ਔਖੀ ਦੇਣੀ ਮਿਲਦੀ ਹੈ। ਮੈਨੂੰ ਲਗਦਾ ਜੋ ਤੁਹਾਡੇ ਵਾਸਤੇ ਆਮ ਹੈ ਉਹ ਖ਼ਿਆਲ, ਖ਼ਾਸ ਕਰ ਮਰਦਾਂ ਦੇ, ਅੱਜ ਕੱਲ੍ਹ ਦੇ ਵਲਾਇਤ ਵਿੱਚ ਨਹੀਂ ਜਚਦੇ। ਇਸ ਲਈ ਜੇ ਬੱਚਿਆਂ ਉੱਤੇ ਆਪਣੇ ਖਿਆਲ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਨੇ ਬਾਗ਼ੀ ਹੋ ਕੇ ਹਮੇਸ਼ਾ ਵਾਸਤੇ ਗਵਾਚ ਜਾਣਾ ਹੈ। ਜੇ ਉਨ੍ਹਾਂ ਨੂੰ ਮਜ਼ਬੂਰ ਕੀਤਾ ਗਿਆ ਪੰਜਾਬ ਦੀਆਂ ਰੀਤਾਂ ਨਾਲ ਆਪਣਾ ਜੀਵਨ ਘੱਟਨ, ਮੈਨੂੰ ਲਗਦਾ ਕਿ ਜ਼ਿਆਦੇ ਸਾਰਿਆਂ ਨੇ ਚੰਗੇ ਰਿਵਾਜਾਂ ਨੂੰ ਵੀ ਠੋਕਰ ਮਾਰ ਦੇਣੀ ਹੈ; ਸਗੋਂ ਉਨ੍ਹਾਂ ਨੂੰ ਮਜ਼ਬੂਰ ਕਰਨ ਨਾਲ਼ ਪਰਵਾਸੀ ਦੀ ਗ਼ਲਤੀ ਹੋਵੇਗੀ। ਗੱਲ ਹੈ ਸਾਡੇ ਸਮਾਜ ਅੱਜ ਕੱਲ੍ਹ ਭਾਰਤ ਦੇ ਕੁਝ ਖਿਆਲ਼ਾ ਨੂੰ ਤੰਗ ਸਮਝਦਾ ਹੈ ਅਤੇ ਖ਼ੁੱਲ੍ਹ ਭਾਲਦਾ। ਇਸ ਕਰਕੇ ਕੁਝ ਗੱਲਾਂ ਆਉਣ ਵਾਲ਼ੇ ਨੂੰ ਪਿਛਾਂਹ ਛੱਡਣੀਆਂ ਪੈਂਦੀਆਂ ਨੇ ਅਤੇ ਇਸ ਕਰਕੇ ਕਿ ਉਹ ਜਿੱਥੋਂ ਆਇਆ ਸੀ ਲਈ ਹਮੇਸ਼ਾ ਸਿੱਕਦਾ ਰਹਵੇਗਾ। ਪਰ ਔਲਾਦ ਵਾਸਤੇ ਤਾਂ ਨਵਾਂ ਦੇਸ਼ ਹੀ ਘਰ ਹੈ। ਸੋ ਇਸ ਤਰ੍ਹਾਂ ਮੇਰੇ ਵਾਸਤੇ ਹੈ ਅਤੇ ਮੇਰੀ ਸਾਰੀ ਪੀੜ੍ਹੀ ਵਾਸਤੇ। ਕੁਝ ਗੱਲਾਂ ਪੁਰਾਣੇ ਪਿਛੋਕੜ ਦੀਆਂ ਪਸੰਦ ਹਨ, ਪਰ ਸੋਚ ਪਸੰਦ ਨਹੀਂ ਹੈ। ਸਾਡੇ ਵਾਸਤੇ ਤਾਂ ਪੂਰਬ ਦੇ ਖ਼ਿਆਲ ਤੰਗ, ਅਣਪੜ੍ਹ ਅਤੇ ਅਸਭਿਆ ਹਨ। ਉਂਝ ਇੰਝ ਵੀ ਕਹਿਣਾ ਗ਼ਲਤ ਹੈ। ਇਹ ਮੇਰੇ ਵਰਗਿਆਂ ਦਾ ਖਿਆਲ ਹੈ ਪਰ ਕੁੱਕੀ ਜਦ ਵੀ ਮੈਂ ਇੰਝ ਕਹਿੰਦਾ ਹਾਂ ਮੇਰੇ ਨਾਲ਼ ਖਿੱਝ ਜਾਂਦੀ ਹੈ। ਬੋਲ਼ਦੀ, - ਤੁਸੀਂ ਕਿਸ ਮੂੰਹ ਨਾਲ਼ ਭਾਰਤ ਨੂੰ ਅਣਪੜ੍ਹ ਜਾਂ ਅਸਭਿਆ ਕਹਿ ਰਿਹੇ ਹੋ? ਜਦ ਗੋਰੇ ਗੁਫ਼ੇ ਵਿੱਚ ਬੈਠੇ ਸਨ ਭਾਰਤ, ਖ਼ਾਸ ਪੰਜਾਬ ਦੇ ਲੋਕ ਕਾਫ਼ੀ ਉੱਨਤ ਹੋ ਚੁੱਕੇ ਸੀ!-। ਮੈਂ ਮਾਫ਼ੀ ਮੰਗ ਕੇ ਫੇਰ ਉੱਤਰ ਦਿੰਦਾ, - ਮੇਰਾ ਮਤਲਬ ਹੈ ਉੱਥੇ ਤੰਗ ਸੋਚ ਹਾਲੇ ਹੈ। ਪਿਓ ਘਰ ਦਾ ਲੀਡਰ ਬਣ ਕੇ ਔਰਤ ਬੱਚਿਆਂ ਨੂੰ ਦੱਬ ਕੇ ਰੱਖਦਾ ਹੈ। ਰੋਹਬ ਚਲਾਉਂਦਾ ਬਿਨਾ ਮਤਲਬ!-। ਉਹ ਫੇਰ ਕਹਿੰਦੀ, - ਤੁਸੀਂ ਮੈਨੂੰ ਲੱਗਦਾ ਗੋਰਿਆਂ ਦੇ ਪ੍ਰਾਪੇਰਗੰਡਾ ਅੰਨ੍ਹਾ ਹੋ ਕੇ ਮੰਨ ਪਏ! ਅੱਜ ਕੱਲ੍ਹ ਪੰਜਾਬ ਉਹ ਨਹੀਂ ਰਿਹਾ!-।
    ਚੱਲੋਂ ਮੈਂ ਗ਼ਲਤ ਹਾਂ ਇਸ ਸੋਚ ਵਿੱਚ, ਪਰ ਇਹ ਸੋਚ ਕਿੱਥੋਂ ਆ ਰਹੀ ਹੈ? ਜਦ ਪਰਵਾਸੀ ਮਾਂ ਪਿਓ ਸਾਨੂੰ ਜਿਹੜੇ ਸਾਡੇ ਆਲ਼ੇ ਦੁਆਲ਼ੇ ਹਨ ਵਾਂਗ ਨਹੀਂ ਕਰਨ ਦਿੰਦੇ, ਸਾਡਾ ਜ਼ਿਹਨ ਹੀ ਇਸ ਤਰ੍ਹਾਂ ਸੋਚਣ ਲੱਗ ਜਾਂਦਾ ਹੈ। ਲੱਗਦਾ ਅਸੀਂ ਜਿਹੜੇ ਹਿੱਸੇ ਤੁਸੀਂ ਪੰਜਾਬ ਤੋਂ ਲਿਆਂਦੇ ਨੇ ਉਨ੍ਹਾਂ ਵਿੱਚੋਂ ਜੋ ਸਾਨੂੰ ਜਚਦਾ ਚੁਣ ਦੇ ਨੇ। ਕੁਝ ਲੋਕ ਵਿਰਸਾ ਦੀ ਬੋਲ਼ੀ ਚੁਣ ਦੇ ਹਨ। ਕੁਝ ਜਣਿਆਂ ਨੂੰ ਧਰਮ ਪਸੰਦ ਹੈ ਜਾਂ ਬੰਬਈ ਦੀਆਂ ਫ਼ਿਲਮਾਂ ਜਾਂ ਪੰਜਾਬ ਦੇ ਗੀਤ। ਪਰ ਇੱਕ ਗੱਲ ਪੱਕੀ ਹੈ। ਉਹ ਹੈ ਕਿ ਸਾਡੀ ਸੋਚ ਤੁਹਾਡੇ ਖਿਆਲਾਂ ਨਾਲ਼ ਮਿਲਣੀ ਔਖੀ ਹੈ। (- ਤੁਸੀਂ ਹੁਣ ਕੀ ਬਕ ਬਕ  ਕਰਦੈ! ਤੁਹਾਨੂੰ ਔਖਾ ਲਗਦਾ ਹੋਵੇਗਾ, ਮੈਂ ਤਾਂ ਆਪਣੇ ਪੰਜਾਬੀ ਵਿਰਸੇ ਬਾਰੇ ਫਖਰ ਕਰਦੀ ਹਾਂ!- ਕੁੱਕੀ ਨੇ ਇੱਕ ਬਾਰ ਕਿਹਾ ਜਦ ਮੈਂ ਉਸ ਨੂੰ ਵੀ ਇਹ ਗੱਲ ਫੇਰ ਕੀਤੀ ਸੀ, - ਹੁਣ ਤਾਂ ਹੌਲ਼ੀ ਹੌਲ਼ੀ ਉੱਥੇ ਬਦਲ ਰਿਹਾ ਹੈ!-)।

    ਅੱਜ ਦੇ ਜ਼ਮਾਨੇ ਪੱਛਮੀ ਮੁਲਕਾਂ ਵਿੱਚ ਨਾਰੀ ਅਤੇ ਨਰ ਬਰਾਬਰ ਦੇ ਹਨ। ਮੈਨੂੰ ਲਗਦਾ, ਸ਼ਾਇਦ ਮੈਂ ਗ਼ਲਤ ਹਾਂ, ਕਿ ਹਾਲੇ ਇੰਝ ਪੰਜਾਬ ਵਿੱਚ ਨਹੀਂ ਹੋਇਆ ਹੈ। ( ਇਹ ਕਹਿ ਕੇ ਆਸ ਪਾਸ ਦੇਖਦਾ ਕਿ ਹੁਣ ਕੱੁਕੀ ਫੇਰ ਨਾ ਮੈਨੂੰ ਟੋਕੇ!)। ਔਰਤ ਅਤੇ ਘਰ ਪਰਿਵਾਰ ‘ਤੇ ਆਦਮੀ ਦਾ ਰੋਹਬ ਨਹੀਂ ਚੱਲ ਸਕਦਾ, ਪੰਜਾਬ ਜਿਹੇ ਖਿੱਤਿਆਂ ਵਿੱਚ ਬੱਚੇ ਮਾਂ-ਪੇ ਨੂੰ ਅੱਗੋਂ ਸਵਾਲ ਜਵਾਬ ਨਹੀਂ ਕਰ ਸਕਦੇ ਚਾਹੇ ਮਾਂ-ਪੇ ਗ਼ਲਤ ਹੋਣ ( ਇਹ ਗੱਲ ਕਿਸੇ ਉਮਰ ਦੇ ਹਰ ਵੱਡੇ ਉੱਤੇ ਵੀ ਲਾਗੂ ਹੁੰਦੀ ਹੈ), ਇਂਗਲੈਂਡ ਜਿਹੇ ਮੁਲਕ ਵਿੱਚ ਹਰ ਗ਼ਲਤ ਖ਼ਿਆਲ ਨੂੰ ਚੁਣੌਤੀ ਦੇਣਾ ਵਾਜਬ ਸਮਝਿਆ ਜਾਂਦਾ ਹੈ। ਸਿਰਫ਼ ਮਾਂ-ਪੇ ਜਾਂ ਟੀਚਰ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਹਰ ਵੇਲੇ ਤੁਹਾਡੇ ਨਾਲ਼ ਸਹਿਮਤ ਹੋਵੇ। ਹਰ ਕੋਈ ਜੋ ਕੁਝ ਕਰਦਾ ਅਤੇ ਜਿਸ ਤਰ੍ਹਾਂ ਕਰਦਾ ਉਸੇ ਤਰ੍ਹਾਂ ਦੀ ਇੱਜ਼ਤ ਦਾ ਭਾਗੀਦਾਰ ਹੁੰਦਾ। ਭਾਰਤ ਵਿੱਚ ਆਮ ਤੌਰ ਉੱਤੇ ਨਿਆਣਿਆਂ ਤੋਂ ਉਮਰ ਵਿੱਚ ਵੱਡਿਆਂ ਨੂੰ ਅੰਨ੍ਹੇਵਾਹ ਸਿਆਣਾ ਮੰਨ੍ਹ ਲੈਂਦੇ ਹਨ ਕਿਉਂਕਿ ਛੋਟੀ ਉਮਰ ਤੋਂ ਬੱਚਿਆਂ ਨੂੰ ਆਪਣੇ ਆਪ ਲਈ ਸੋਚਣਾ ਨਹੀਂ ਸਿਖਾਇਆ ਜਾਂਦਾ। ਪੜ੍ਹਾਈ ਇੱਕਲੀ ਨੌਕਰੀ ਲੈਣ ਵਾਸਤੇ ਨਹੀਂ ਹੈ, ਸਗੋਂ ਸੋਚ ਨੂੰ ਵਿਸ਼ਾਲ ਕਰਨ ਵਾਸਤੇ ਹੁੰਦੀ ਹੈ; ਸੰਸਾਰ ਅਤੇ ਦੁਨੀਆਦਾਰੀ ਬਾਰੇ ਦਿਲਚਸਪੀ ਪੈਦਾ ਕਰਨ ਵਾਸਤੇ ਹੁੰਦੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਭਾਰਤ ਅੱਜ ਵੀ ਬਹੁਤੇ ਮੁਲਕਾਂ ਨਾਲ਼ੋਂ ਪਿੱਛੇ ਹੈ ਅਤੇ ਪਿੱਛੜ ਰਿਹੈ। ਅੱਜ ਜਿਸ ਨੂੰ ਦੇਖੋ ਭਾਰਤ ਵਿੱਚੋਂ ਨਿਕਲ਼ਣ ਦੀ ਸੋਚ ਰਿਹਾ!

    ਇਸ ਨਰਕ ਤੋਂ ਲੋਕ ਨੱਸਣਾ ਚਾਹੁੰਦੇ ਨੇ।

    ਕੁੱਕੀ ਤੁਹਾਡੇ ਵਾਂਗ ਮੇਰੇ ਨਾਲ਼ ਇਸ ਖਿਆਲਾਂ ਉੱਤੇ ਗ਼ੱੁਸਾ ਕਰਦੀ ਹੈ ਪਰ ਮੇਰੇ ਵਰਗੇ ਫੇਰ ਵੀ ਕਹਿੰਦੇ ਨੇ ਕਿ ਜਿਸ ਮੁਲਕ ਦੇ ਜ਼ਿਆਦਾਤਰ ਲੋਕ ਵਹਿਮਾਂ ਭਰਮਾਂ ਵਿੱਚ ਫਸੇ ਹੋਣ ਉਹ ਅਗਾਂਹਵਧੂ ਨਹੀਂ ਹੋ ਸਕਦਾ। ਭਾਰਤ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੀਕਰ ਜਾਤਾਂ ਪਾਤਾਂ ਅਤੇ ਧਰਮਾਂ ਵਿੱਚ ਵੰਡਿਆ ਪਿਆ ਹੈ। ਜੇ ਪੱਛਮ ਦਾ ਪਲਿਆ ਪੰਜਾਬੀ ਪੰਜਾਬ ਵੱਲ ਝਾਤੀ ਮਾਰੇ ਉਸ ਦੀ ਨਜ਼ਰ ਵਿੱਚ ਭਾਰਤ ਸਿਆਣਾ ਨਹੀਂ ਲੱਗਦਾ। ਮੈਂ ਸ਼ਾਇਦ ਤੁਹਾਨੂੰ ਆਪਣੇ ਵਿਚਾਰਾਂ ਨਾਲ਼ ਔਖਾ ਕਰ ਲਿਆ ਹੋਵੇਗਾ, ਪਰ ਸਾਡੇ ਪੱਖ ਤੋਂ ਇਹ ਹੀ ਸਹੀ ਹੈ। ਦੂਜੇ ਪਾਸੇ ਮੈਂ ਜੋ ਦੱਸਣ ਲੱਗਾ ਹਾਂ, ਇੱਕ ਵਹਿਮ ਵਾਲ਼ੀ ਕਥਾ ਹੈ ਸੋ ਤੁਸੀਂ ਵੀ ਮੈਨੂੰ ਇੱਕ ਪਖੰਡੀ ਸਮਝ ਸਕਦੇ ਹੋ। ਮੈਂ ਜਿੰਨਾ ਮਰਜ਼ੀ ਤੁਹਾਡੇ ਖ਼ਿਆਲਾਂ ਦੀ ਘੁੰਤਰ ਕੱਢਣੀ ਚਾਹੁੰਦਾ ਹਾਂ, ਸੱਚ ਇਹ ਹੈ ਕਿ ਪੱਛਮ ਵਿੱਚ ਵੀ ਕਈ ਵਹਿਮ ਨੇ, ਜਿੰਨਾ ਮਰਜ਼ੀ ਅਸੀਂ ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਦੇ ਹਾਂ। ਇੱਕ ਸ਼ੁਦਾਅ ਹੈ ਭੂਤਾਂ ਪਾਤਾਂ ਵਿੱਚ ਵਿਸ਼ਵਾਸ ਰੱਖਣ ਦਾ। ਮੈਂ ਖ਼ੁਦ ਜਿੰਨਾਂ ਨੂੰ ਨਹੀਂ ਮੰਨਦਾ ਅਤੇ ਮੇਰੇ ਸੋਚਣ ਦੇ ਹਿਸਾਬ ਨਾਲ਼ ਇਹ ਸਭ ਬਕਵਾਸ ਹੈ; ਪਰ ਕਈ ਗੋਰੇ ਲੋਕ ਚਾਮਚੜਿੱਕ ਰਾਖਸ਼ਾਂ ਵਿੱਚ ਹਾਲੇ ਤੀਕਰ ਵਿਸ਼ਵਾਸ ਰੱਖਦੇ ਨੇ ਜਾਂ ਬਲ਼ਾਵਾਂ ਵਿੱਚ। ਸਭ ਬਕਵਾਸ ਹੀ ਹੈ।

    ਮੈਨੂੰ ਬਾਪੂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਬਾਬੇ ਨੇ ਇੱਕ ਵਾਰ ਗੋਰਿਆਂ ਦੇ ਸਾਹਮਣੇ ਹੀ ਇਸ ਵਹਿਮੀ ਵਿਚਾਰ ਨੂੰ ਝਾੜ ਦਿੱਤਾ ਸੀ। ਉਨ੍ਹਾਂ ਦਾ ਬਾਬਾ ਕਨੇਡਾ ਆਇਆ ਸੀ ਸੌ ਸਾਲ਼ ਪਹਿਲਾਂ, ਇੱਕ ਖੇਤ ਦਾ ਕਾਮਾਂ ਹੋ ਕੇ। ਲੋਕ ਮੰਨਦੇ ਸੀ ਕਿ ਹਰ ਰਾਤ ਇੱਕ ਭੂਤ ਖੇਤਾਂ ਉੱਤੇ ਘੁੰਮਦਾ ਸੀ। ਬਾਬੇ ਨੇ ਇੱਕ ਰਾਤ ਆਪਣੇ ਆਪ ਉੱਤੇ ਚਿੱਟੀ ਚਾਦਰ ਪਾ ਕੇ ਕਿਸਾਨਾਂ ਨੂੰ ਡਰਾ ਦਿੱਤਾ ਸੀ। ਫੇਰ ਉਨ੍ਹਾਂ ਦੇ ਸਾਹਮਣੇ ਚਾਦਰ ਲਾਹ ਕੇ ਦਿਖਾ ਦਿੱਤਾ ਕਿ ਚਾਦਰ ਥੱਲੇ ਬੰਦਾ ਹੀ ਹੈ। ਸਾਰੇ ਸ਼ਰਮ ਨਾਲ਼ ਚੁੱਪ ਹੋ ਚੁੱਕੇ ਸੀ। ਉਸ ਤੋਂ ਬਾਅਦ ਕਿਸੇ ਨੇ ਭੂਤ ਬਾਰੇ ਗੱਲ ਨਹੀਂ ਕੀਤੀ ਸੀ।

    ਮੈਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਭੇਖੀ ਸਮਝਦਾ ਹਾਂ। ਪੱਛਮ ਵਿੱਚ ਜਿੰਨਾ ਹੁਣ ਅਸੀਂ ਪੜ੍ਹੇ ਲਿਖੇ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਪੁਰਾਣੇ ਦਿਨਾਂ ਵਿੱਚ ਸਮਝ ਦੀ ਪਕੜ ਤੋਂ ਬਾਹਰ ਸੀ ( ਅਤੇ ਉਸ ਲਈ ਉਸ ਨੂੰ ਰੱਬ ਰਾਹੀਂ ਜਾਂ ਕੋਈ ਦੇਵਤਾ ਦਾਨਵ ਜਾਂ ਧਰਮ ਰਾਹੀਂ ਸਮਝਾਇਆ ਜਾਂਦਾ ਸੀ), ਹੁਣ ਕੋਈ ਤਰਕਸ਼ੀਲ ਬਿਆਨ ਨਾਲ਼ ਸਮਝਾਇਆ ਜਾਂਦਾ ਹੈ। ਸਾਡੀ ਜਾਣਕਾਰੀ ਹਰ ਦਿਹਾੜੇ ਵੱਧਦੀ ਹੈ।
 

 

 

 

 

 

 

ਮਲਬੇ Debris Rubble etc; 

ਜੁੱਸਾ Body, same as Pinda, Jisam Sareer ( to be fair to readers its a Majhi word so although part of standard punjabi more local to Amritsar in India and most of Pakistan; 

ਪਿਘਲਦਾ to melt as in kulfi pighalgi; 

ਬਲ਼ਦਾ to burn, to flame or ignite;

ਉਜਾੜ desolation / wasteland

ਓਲ੍ਹੇ  hidden away from view / cover / secracy

ਖ਼ੌਫਨਾਕ Terrifying

ਖੁੜਕਣਾ premonition to have a premonition as it is a verb

ਚਿਤਾਵਣੀ warning

ਕਾਹੀ type of reed / grass so in this case swaying reeds / grass

ਗਵਾਹੀ testimony / witness

ਇਲਜ਼ਾਮ blame

ਪਲੀ as it is referring to a subject which is feminine have written pali...but is the verb palna or to raise as in where people have grown up etc

ਜਚਦੇ to suit match or fit eg a married couple ..auh ik duje naal jachde ne

ਭਾਲਦਾ to look for or search connotation of want as well

ਅਸਭਿਆ form of the word Assabh which means uncultured 

ਉੱਨਤ improved advanced or developed

ਜ਼ਿਹਨ another word for demaag or mind / as demaaag is more brain brainy

ਫਖਰ to be proud of or justified or righteous 

ਖਿੱਤਿਆਂ from Khitta or region

ਭਾਗੀਦਾਰ partner / co sharer

ਅੰਨ੍ਹੇਵਾਹ blindly rashly recklessly

 

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use